ਮਾਨਸਾ, 13 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬ ਪ੍ਰਦੇਸ਼ ਕਾਂਗਰਸ ਵਲੋਂ 17 ਫਰਵਰੀ ਨੂੰ ਨਵੀਂ ਅਨਾਜ ਮੰਡੀ ਮਾਨਸਾ ਵਿਖੇ ਮਗਨਰੇਗਾ ਬਚਾਓ ਅਤੇ ਰਾਜ ਦੀ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਕੀਤੀ ਜਾ ਰਹੀ ਰੈਲੀ ਇਤਿਹਾਸਕ ਹੋਵੇਗੀ | ਇਹ ਦਾਅਵਾ ਇੱਥੇ ਰੈਲੀ ਦੀਆਂ ਤਿਆਰੀਆਂ ਸਬੰਧੀ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਇਕੱਤਰਤਾ ਮੌਕੇ ਸੀਨੀਅਰ ਕਾਂਗਰਸ ਆਗੂ ਤੇ ਰੈਲੀ ਦੇ ਇੰਚਾਰਜ ਹਰਦਿਆਲ ਸਿੰਘ ਕੰਬੋਜ ਨੇ ਕੀਤਾ | ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਤੇ ਪੰਜਾਬ ਸਰਕਾਰ ਲੋਕ ਵਿਰੋਧੀ ਫ਼ੈਸਲੇ ਲੈ ਰਹੀਆਂ ਹਨ, ਨੂੰ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਖ਼ਮਿਆਜ਼ਾ ਭੁਗਤਣਾ ਪਵੇਗਾ | ਉਨ੍ਹਾਂ ਆਖਿਆ ਕਿ ਮਗਨਰੇਗਾ ਸਕੀਮ ਖ਼ਤਮ ਹੋਣ ਨਾਲ ਕਰੋੜਾਂ ਕਿਰਤੀ ਲੋਕ ਰੁਜ਼ਗਾਰ ਤੋਂ ਵਾਂਝੇ ਹੋ ਜਾਣਗੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਰਾਜ 'ਤੇ ਨਿੱਤ ਰੋਜ਼ ਕਰੋੜਾਂ ਰੁਪਏ ਕਰਜ਼ਾ ਚੜ੍ਹ ਰਿਹਾ ਹੈ ਜਦਕਿ ਆਪ ਸਰਕਾਰ ਵਿੱਤੀ ਸੰਕਟ ਨਾਲ ਨਜਿੱਠਣ ਦੀ ਬਜਾਏ ਸਰਕਾਰੀ ਸੰਪਤੀ ਵੇਚਣ ਦੇ ਰਾਹ ਤੁਰ ਪਈ ਹੈ | ਨਿੱਤ ਰੋਜ਼ ਕਤਲ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ ਅਤੇ ਲੁੱਟਾਂ-ਖੋਹਾਂ ਵਧ ਰਹੀਆਂ ਹਨ | ਉਨ੍ਹਾਂ ਕਾਂਗਰਸੀ ਵਰਕਰਾਂ ਨੂੰ ਰੈਲੀ ਨੂੰ ਕਾਮਯਾਬ ਕਰਨ ਲਈ ਹਰ ਯਤਨ ਜੁਟਾਉਣ ਲਈ ਕਿਹਾ | ਜ਼ਿਲ੍ਹਾ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਨੇ ਦੱਸਿਆ ਕਿ ਰੈਲੀ ਸਬੰਧੀ ਪਿੰਡਾਂ-ਸ਼ਹਿਰਾਂ 'ਚ ਲਾਮਬੰਦੀ ਜਾਰੀ ਹੈ | ਉਨ੍ਹਾਂ ਦੱਸਿਆ ਕਿ ਰੈਲੀ ਨੂੰ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ, ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਆਲ ਇੰਡੀਆ ਕਾਂਗਰਸ ਕਮੇਟੀ ਦੀ ਸਕੱਤਰ ਹੀਨਾ ਕਾਵੜੇ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਮੰਤਰੀ ਵਿਜੇਇੰਦਰ ਸਿੰਗਲਾ, ਸੰਦੀਪ ਸਿੰਘ ਸੰਧੂ ਆਦਿ ਸੰਬੋਧਨ ਕਰਨਗੇ | ਇਸ ਮੌਕੇ ਕਾਂਗਰਸ ਆਗੂ ਬਿਕਰਮ ਸਿੰਘ ਮੋਫਰ, ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ, ਬਲਕੌਰ ਸਿੰਘ ਸਿੱਧੂ, ਰਣਵੀਰ ਕੌਰ ਮੀਆਂ, ਹਰਵਿੰਦਰ ਕੌਰ, ਸਵਰਨ ਸਿੰਘ, ਲਾਲ ਚੰਦ ਯਾਦਵ, ਗੁਰਪ੍ਰੀਤ ਸਿੰਘ ਵਿੱਕੀ, ਚਮਕੌਰ ਸਿੰਘ ਸਿੱਧੂ, ਸੱਤਪਾਲ ਸਿੰਘ ਮੂਲੇਵਾਲਾ, ਨਰੋਤਮ ਸਿੰਘ ਚਹਿਲ, ਬਲਦੇਵ ਸਿੰਘ ਰੜ੍ਹ, ਸੰਦੀਪ ਮਹਿਤਾ, ਨੇਮ ਚੰਦ ਨੇਮਾ, ਅਮਰੀਕ ਸਿੰਘ ਢਿੱਲੋਂ, ਡਾ. ਮਨਜੀਤ ਸਿੰਘ ਰਾਣਾ, ਚੰਦਰ ਸ਼ੇਖਰ ਨੰਦੀ, ਮਨਦੀਪ ਸਿੰਘ ਗੋਰਾ, ਸੁਖਦਰਸ਼ਨ ਸਿੰਘ ਖਾਰਾ, ਰਣਜੀਤ ਸਿੰਘ ਦੋਦੜਾ, ਹਰਬੰਸ ਸਿੰਘ ਖਿੱਪਲ, ਤਰਜੀਤ ਸਿੰਘ ਬੁਢਲਾਡਾ ਆਦਿ ਹਾਜ਼ਰ ਸਨ |