ਗੋਨਿਆਣਾ, 15 ਫਰਵਰੀ (ਲਛਮਣ ਦਾਸ ਗਰਗ): ਸ਼ਹਿਰ ਵਿਚ ਲਵਾਰਿਸ ਕੁੱਤਿਆਂ ਦੀ ਸਮੱਸਿਆ ਪਹਿਲਾਂ ਹੀ ਲੋਕਾਂ ਲਈ ਸਿਰਦਰਦ ਬਣੀ ਹੋਈ ਸੀ, ਪਰ ਹੁਣ ਸ਼ਹਿਰ 'ਚ ਖ਼ਤਰਨਾਕ ਨਸਲਾਂ ਦੇ ਪਾਲਤੂ ਕੁੱਤਿਆਂ ਨੇ ਨਵਾਂ ਖ਼ੌਫ਼ ਪੈਦਾ ਕਰ ਦਿੱਤਾ ਹੈ | ਕਈ ਘਰਾਂ ਵਿਚ ਪਿੱਟ ਬੁੱਲ ਵਰਗੀਆਂ ਡਰਾਉਣੀਆਂ ਨਸਲਾਂ ਰੱਖੀਆਂ ਹੋਈਆਂ ਹਨ, ਜਿਹੜੀਆਂ ਜੇਕਰ ਥੋੜੀ ਵੀ ਅਣਗਹਿਲੀ ਕਾਰਨ ਗਲੀਆਂ ਵਿਚ ਨਿਕਲ ਆਉਣ ਤਾਂ ਵੱਡੀ ਘਟਨਾ ਵਾਪਰ ਸਕਦੀ ਹੈ | ਬੀਤੇ ਦਿਨੀਂ ਗੋਨਿਆਣਾ ਮੰਡੀ ਦੀ ਪੁਲਿਸ ਚੌਂਕੀ ਦੀ ਹੱਦ ਵਿਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ, ਜਿੱਥੇ ਇੱਕ ਵਿਅਕਤੀ ਦਾ ਪਾਲਤੂ ਕੁੱਤਾ ਕਿਸੇ ਰਾਹਗੀਰ ਦੇ ਪਿੱਛੇ ਪੈ ਗਿਆ ਅਤੇ ਉਸ ਨੇ ਮੁਸ਼ਕਿਲ ਨਾਲ ਕਿਸੇ ਘਰ ਵਿਚ ਦਾਖਲ ਹੋ ਕੇ ਆਪਣੀ ਜਾਨ ਬਚਾਈ | ਸ਼ਹਿਰ ਨਿਵਾਸੀਆਂ ਦਾ ਕਹਿਣਾ ਹੈ ਕਿ ਇਹੋ ਜਿਹਾ ਕੁੱਤਾ ਪਹਿਲਾਂ ਵੀ ਕਈਆਂ ਨੂੰ ਕੱਟ ਚੁੱਕਾ ਹੈ, ਪਰ ਮਾਲਕ ਆਪਣੀ ਗ਼ਲਤੀ ਮੰਨਣ ਦੀ ਬਜਾਏ ਸ਼ਿਕਾਇਤ ਕਰਨ ਵਾਲਿਆਂ ਨਾਲ ਝਗੜਾ ਕਰਦੇ ਹਨ | ਹਾਲਾਤ ਐਨੇ ਗੰਭੀਰ ਹੋ ਚੁੱਕੇ ਹਨ ਕਿ ਗਲੀਆਂ ਵਿਚ ਖੇਡਦੇ ਬੱਚੇ, ਸਵੇਰੇ ਟਹਿਲਦੇ ਬਜ਼ੁਰਗ ਅਤੇ ਕੰਮ 'ਤੇ ਜਾਣ ਵਾਲੇ ਮਜ਼ਦੂਰ ਹਰ ਵੇਲੇ ਡਰ ਦੇ ਸਾਏ ਹੇਠ ਜਿੰਦਗੀ ਬਤੀਤ ਕਰ ਰਹੇ ਹਨ | ਅਦਾਲਤਾਂ ਵਲੋਂ ਖ਼ਤਰਨਾਕ ਨਸਲਾਂ ਸੰਬੰਧੀ ਕਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਸੁਪਰੀਮ ਕੋਰਟ ਵਲੋਂ ਵੀ ਲਵਾਰਿਸ ਕੁੱਤਿਆਂ ਨੂੰ ਸ਼ੈਲਟਰਾਂ 'ਚ ਰੱਖਣ ਅਤੇ ਪਾਲਤੂ ਕੁੱਤਿਆਂ ਦੀ ਸੰਭਾਲ ਸਖ਼ਤੀ ਨਾਲ ਕਰਨ ਦੇ ਆਦੇਸ਼ ਦਿੱਤੇ ਗਏ ਹਨ, ਪਰ ਸ਼ਹਿਰ ਵਿਚ ਇਨ੍ਹਾਂ ਆਦੇਸ਼ਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ | ਨਗਰ ਕੌਂਸਲ ਗੋਨਿਆਣਾ ਵਲੋਂ ਨਾ ਤਾਂ ਕੋਈ ਵਿਸ਼ੇਸ਼ ਸਰਵੇ ਕੀਤਾ ਗਿਆ ਹੈ ਅਤੇ ਨਾ ਹੀ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਖ਼ਤਰਨਾਕ ਨਸਲਾਂ ਰੱਖਣ ਵਾਲਿਆਂ ਕੋਲ ਲਾਜ਼ਮੀ ਪ੍ਰਮਿਸ਼ਨ ਹੈ ਜਾਂ ਨਹੀਂ | ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਦਿਨ ਕੋਈ ਵੱਡੀ ਦੁਰਘਟਨਾ ਵਾਪਰ ਗਈ ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ |