29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਸੂਬੇ 'ਚ ਅਮਨ-ਕਾਨੂੰਨ ਬਹਾਲ ਰੱਖਣ 'ਚ ਅਸਫ਼ਲ ਮੁੱਖ ਮੰਤਰੀ ਨੂੰ ਤੁਰੰਤ ਅਸਤੀਫ਼ਾ ਦੇਣਾ ਚਾਹੀਦੈ- ਬਘੇਲ

ਅਜੀਤ ਡੈਸਕ 18-02-2026

ਬਠਿੰਡਾ, 17 ਫਰਵਰੀ (ਅੰਮਿ੍ਤਪਾਲ ਸਿੰਘ ਵਲਾਣ)- ਪੰਜਾਬ ਕਾਂਗਰਸ ਪਾਰਟੀ ਦੇ ਰਾਜਸੀ ਮਾਮਲਿਆਂ ਦੇ ਇੰਚਾਰਜ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਕਿਹਾ ਕਿ ਪੰਜਾਬ ਸਰਕਾਰ ਅਮਨ-ਕਾਨੂੰਨ ਦੀ ਸਥਿਤੀ ਬਹਾਲ ਰੱਖਣ ਵਿਚ ਪੂਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ, ਜਿਸ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ¢ ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਵਲੋਂ ਨਸ਼ਿਆਂ ਖ਼ਿਲਾਫ਼ ਵੱਡੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਪਰ ਦੂਜੇ ਪਾਸੇ ਸੂਬੇ ਵਿਚ ਗੈਂਗਸਟਰਾਂ ਅਤੇ ਲੁਟੇਰਿਆਂ ਦਾ ਬੋਲਬਾਲਾ ਹੈ ਤੇ ਸ਼ਰੇਆਮ ਵਪਾਰੀਆਂ ਦਾ ਕਤਲੇਆਮ ਕੀਤਾ ਜਾ ਰਿਹਾ, ਜਿਸ ਵੱਲ ਮੁੱਖ ਮੰਤਰੀ ਦਾ ਕੋਈ ਧਿਆਨ ਨਹੀਂ¢ ਬਘੇਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਲੱਖਾਂ ਕੁਰਬਾਨੀਆਂ ਦੇ ਕੇ ਪੰਜਾਬ ਵਿਚ ਅਮਨ ਕਾਨੂੰਨ ਦੀ ਰਾਖੀ ਕੀਤੀ ਹੈ, ਜਿਸ ਨੂੰ ਬਰਕਰਾਰ ਰੱਖਣ ਲਈ ਹਰ ਸੰਘਰਸ਼ ਲੜਿਆ ਜਾਵੇਗਾ | ਉਹ ਪੰਜਾਬ ਵਿਚ ਵਿਗੜੇ ਅਮਨ ਕਾਨੂੰਨ ਦੀ ਬਹਾਲੀ ਲਈ ਪੰਜਾਬ ਸਰਕਾਰ ਦੇ ਖ਼ਿਲਾਫ਼ ਬਠਿੰਡਾ ਵਿਚ ਕਾਂਗਰਸ ਪਾਰਟੀ ਵਲੋਂ ਕੱਢੀ ਗਈ 'ਜਾਗੋ ਪੰਜਾਬ ਜਾਗੋ-ਯੁੱਧ ਝਾੜੂ ਵਿਰੁੱਧ ਪੈਦਲ ਯਾਤਰਾ' ਵਿਚ ਪੁੱਜੇ ਹੋਏ ਸਨ |
ਇਸ ਮੌਕੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਫੋਰਟਿਸ ਹਸਪਤਾਲ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਦਾਖਲ ਸਨ, ਸਮੇਤ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ, ਗੈਂਗਸਟਰਾਂ ਵਲੋਂ ਮੰਗੀਆਂ ਜਾ ਰਹੀਆਂ ਫਰੌਤੀਆਂ, ਵਪਾਰੀਆਂ ਦੇ ਕੀਤੇ ਜਾ ਰਹੇ ਕਤਲੇਆਮ, ਨਸ਼ਿਆਂ ਨਾਲ ਮਰ ਰਹੇ ਪੰਜਾਬ ਦੇ ਨੌਜਵਾਨ, ਬੇਰੁਜ਼ਗਾਰੀ ਦਾ ਵਧਣਾ, ਆਮ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਨਾ ਮਿਲਣਾ ਅਤੇ ਅਮਨ ਕਾਨੂੰਨ ਦੀ ਸਥਿਤੀ ਦਾ ਬੁਰਾ ਹਾਲ ਇਹ ਦਰਸਾਉਂਦਾ ਹੈ ਕਿ ਪੰਜਾਬ ਅੰਦਰ ਅੱਤਵਾਦ ਦਾ 'ਕਾਲਾ ਦੌਰ' ਦੁਬਾਰਾ ਵਾਪਸ ਆ ਰਿਹਾ ਹੈ | ਇਸ ਕਰਕੇ ਪੰਜਾਬੀਆਂ ਨੂੰ ਜਾਗਣ ਦੀ ਲੋੜ ਹੈ ਤਾਂ ਜੋ ਸੁੱਤੀ ਪਈ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਜਗਾਇਆ ਜਾ ਸਕੇ¢ ਉਨ੍ਹਾਂ ਕਿਹਾ ਕਿ 1992 ਵਿਚ ਜਦੋਂ ਅੱਤਵਾਦ ਦਾ ਕਾਲਾ ਦੌਰ ਸੀ, ਉਸ ਸਮੇਂ ਸਵ: ਮੁੱਖ ਮੰਤਰੀ ਬੇਅੰਤ ਸਿੰਘ ਸਮੇਤ ਵਿਧਾਇਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਪੰਜਾਬ ਵਿਚ ਖ਼ੁਸ਼ਹਾਲੀ ਲਿਆਂਦੀ ਸੀ, ਜਦੋਂਕਿ ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪੁੱਤ ਸੁਖਬੀਰ ਸਿੰਘ ਬਾਦਲ ਅਤੇ ਆਪਣੇ ਭਤੀਜੇ ਮਨਪ੍ਰੀਤ ਸਿੰਘ ਬਾਦਲ ਸਮੇਤ ਸਾਰੇ ਪਰਿਵਾਰ ਵਿਦੇਸ਼ਾਂ ਵਿਚ ਭੇਜ ਦਿੱਤਾ ਸੀ | ਉਸ ਸਮੇਂ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ ਦਾ ਬਾਈਕਾਟ ਕੀਤਾ ਅਤੇ ਝਾੜੂ ਦਾ ਤਾਂ ਉਸ ਸਮੇਂ ਨਾਮੋ-ਨਿਸ਼ਾਨ ਵੀ ਨਹੀਂ ਸੀ, ਜਿਸ ਕਰਕੇ ਉਦੋਂ ਕਾਂਗਰਸ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਪੰਜਾਬ ਵਿਚ ਖ਼ੁਸ਼ਹਾਲੀ ਲਿਆਂਦੀ ਤਾਂ ਅੱਜ ਫਿਰ ਅੱਤਵਾਦ ਦੇ ਵਾਪਸ ਆ ਰਹੇ 'ਕਾਲੇ ਦੌਰ' ਨੂੰ ਰੋਕਣ ਤੇ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਬਹਾਲ ਰੱਖਣ ਲਈ ਕਾਂਗਰਸ ਦੀ ਲੋੜ ਹੈ | ਵੜਿੰਗ ਨੇ ਵਾਅਦਾ ਕੀਤਾ ਕਿ ਕਾਂਗਰਸ ਦੀ ਸਰਕਾਰ ਬਣਨ 'ਤੇ ਇਕ ਮਹੀਨੇ ਵਿਚ ਗੈਂਗਸਟਰਾਂ ਦਾ ਖ਼ਾਤਮਾ ਕਰਕੇ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਮੁੜ ਮਜ਼ਬੂਤ ਬਣਾਵਾਂਗੇ¢ ਉਨ੍ਹਾਂ ਮੋਗਾ ਰੈਲੀ ਵਿਚ ਡੀ.ਜੀ.ਪੀ. ਅਤੇ ਚੀਫ਼ ਸੈਕਟਰੀ ਦੇ ਭਾਸ਼ਣ ਬਾਰੇ ਕਿਹਾ ਕਿ ਉਨ੍ਹਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਪੰਜਾਬ ਦੇ ਅਫ਼ਸਰ ਹਨ, ਨਾ ਕਿ ਕਿਸੇ ਪਾਰਟੀ/ਸਰਕਾਰ ਦੇ ਨੁਮਾਇੰਦੇ ਹਨ¢ ਇਸ ਮੌਕੇ ਪੰਜਾਬ ਦੇ ਸਹਿ-ਇੰਚਾਰਜ ਰਵਿੰਦਰ ਡਾਲਵੀਆ, ਸਾਬਕਾ ਮੰਤਰੀ ਵਿਜੇਇੰਦਰ ਸਿੰਗਲਾ, ਲੋਕ ਸਭਾ ਮੈਂਬਰ ਡਾ. ਅਮਰ ਸਿੰਘ, ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਬਠਿੰਡਾ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਨ ਗਰਗ, ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਪ੍ਰੀਤਮ ਸਿੰਘ ਕੋਟਭਾਈ, ਜੀਤ ਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ, ਖੁਸ਼ਬਾਜ਼ ਸਿੰਘ ਜਟਾਣਾ, ਕੇ.ਕੇ. ਅਗਰਵਾਲ, ਟਹਿਲ ਸਿੰਘ ਸੰਧੂ, ਦਰਸ਼ਨ ਜੀਦਾ, ਬਲਜਿੰਦਰ ਠੇਕੇਦਾਰ, ਅਵਤਾਰ ਗੋਨਿਆਣਾ, ਰੁਪਿੰਦਰ ਬਿੰਦਰਾ, ਰਣਜੀਤ ਸਿੰਘ ਸੰਧੂ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਬਠਿੰਡਾ 'ਚ ਸ਼ਰੇਆਮ ਚਿੱਟਾ ਵਿਕਣ ਦੀਆਂ ਵੀਡੀਓ ਤੋਂ ਬਾਦ ਹੁਣ ਬੀੜ ਤਲਾਬ ਬਸਤੀ ਵਿਚ ਚਿੱਟਾ ਵੇਚਣ ਦੀ ਵੀਡੀਓ ਵਾਇਰਲ ਅਗਲੀ ਖ਼ਬਰ ਡੈਮੋਕਰੇਟਿਕ ਟੀਚਰ ਫਰੰਟ ਵਲੋਂ ਅਧਿਆਪਕ ਯੋਗਤਾ ਟੈਸਟ ਦੇ ਫੈਸਲੇ ਖਿਲਾਫ਼ ਤਿੱਖੇ ਸੰਘਰਸ਼ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।