ਭਗਤਾ ਭਾਈਕਾ, 17 ਫਰਵਰੀ (ਸੁਖਪਾਲ ਸਿੰਘ ਸੋਨੀ)-ਸਥਾਨਕ ਨਗਰ ਬਾਨੀ ਅਤੇ ਭਾਈ ਬਹਿਲੋ ਦੇ ਪੋਤਰੇ ਭਾਈ ਭਗਤਾ ਦੀ ਯਾਦ ਵਿਚ 23ਵੇਂ ਸਲਾਨਾ ਜੋੜ ਮੇਲੇ ਸਬੰਧੀ ਸ੍ਰੀ ਅਖੰਡ ਪਾਠ ਦੇ ਪ੍ਰਕਾਸ਼ ਅੱਜ 18 ਫਰਵਰੀ ਹੋਣਗੇ ਅਤੇ ਭੋਗ 20 ਫਰਵਰੀ ਨੂੰ ਭੂਤਾਂ ਵਾਲਾ ਖੂਹ, ਭਗਤਾ ਭਾਈਕਾ ਵਿਖੇ ਪਾਏ ਜਾਣਗੇ | ਇਸ ਦੌਰਾਨ ਹਰ ਸਾਲ ਦੀ ਤਰ੍ਹਾਂ ਜੋੜ ਮੇਲਾ ਵੀ ਸਜਾਇਆ ਜਾਵੇਗਾ | ਜੋੜ ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਪਹਿਲੇ ਦਿਨ 18 ਫਰਵਰੀ ਨੂੰ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਜਾਣਗੇ | ਇਸ ਦੌਰਾਨ ਨਾਟਕ ਲੋਕ ਕਲਾ ਮੰਚ ਮੁੱਲਾਂਪੁਰ ਦੀ ਟੀਮ ਵਲੋਂ ਲੋਕ ਨਾਟਕ ਖੇਡੇ ਜਾਣਗੇ ਅਤੇ ਦੂਜੇ ਦਿਨ 19 ਫਰਵਰੀ ਨੂੰ ਕਵੀਸ਼ਰੀ ਜਥਾ ਮਾਛੀਵਾੜਾ ਸਾਹਿਬ ਵਾਲੇ ਅਤੇ ਭਾਈ ਜਸਪਾਲ ਸਿੰਘ ਜੰਗੀਆਣਾ ਵਾਲਿਆਂ ਵਲੋਂ ਸੰਗਤਾਂ ਨੂੰ ਇਤਿਹਾਸ ਨਾਲ ਜੋੜਿਆ ਜਾਵੇਗਾ | ਇਸ ਮੌਕੇ ਭਾਈ ਬਹਿਲੋ ਗੱਤਕਾ ਜੱਥਾ ਆਪਣੀ ਕਲਾ ਦਾ ਪ੍ਰਦਰਸ਼ਨ ਕਰੇਗਾ | ਤੀਜੇ ਦਿਨ 20 ਫਰਵਰੀ ਨੂੰ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਅਤੇ ਦਸਵੀਂ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਜਾਣਗੇ | ਇਸ ਮੌਕੇ ਗੁਰਦੁਆਰਾ ਸਾਹਿਬ ਦਾ ਕੀਰਤਨੀ ਜਥਾ ਅਤੇ ਭਾਈ ਪਲਵਿੰਦਰ ਸਿੰਘ ਕੋਠਾ ਗੁਰੂ ਕੀਰਤਨ ਕਰਨਗੇ | ਇਸ ਮੌਕੇ ਉੱਘੇ ਢਾਡੀ ਬਲਵਿੰਦਰ ਸਿੰਘ ਭਗਤਾ ਦਾ ਜਥਾ ਵਾਰਾਂ ਰਾਹੀ ਸੰਗਤਾਂ ਨੂੰ ਨਿਹਾਲ ਕਰੇਗਾ | ਜੋੜ ਮੇਲੇ ਮੌਕੇ ਵਿਸ਼ਾਲ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ | ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ | ਪ੍ਰਬੰਧਕਾਂ ਵਲੋਂ ਸੰਗਤਾਂ ਨੂੰ ਵੱਧ ਤੋਂ ਵੱਧ ਇਨ੍ਹਾਂ ਸਮਾਗਮਾਂ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ | ਜੋੜ ਮੇਲੇ ਸਬੰਧੀ ਤਿਆਰੀਆਂ ਮੁਕੰਮਲ ਕਰ ਦਿੱਤੀਆਂ ਗਈਆਂ ਹਨ | ਭੂਤਾਂ ਵਾਲਾ ਖੂਹ ਨੂੰ ਸਜਾਇਆ ਜਾ ਰਿਹਾ ਹੈ ਅਤੇ ਦੀਪਮਾਲਾ ਕੀਤੀ ਜਾ ਰਹੀ ਹੈ |