09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

'ਚਿੱਟੇ' ਨਾਲ ਸ਼ੇਖਪੁਰਾ ਦੇ ਨੌਜਵਾਨ ਦੀ ਮੌਤ

ਅਜੀਤ ਡੈਸਕ 21-02-2026
ਤਲਵੰਡੀ ਸਾਬੋ, 20 ਫਰਵਰੀ (ਰਣਜੀਤ ਸਿੰਘ ਰਾਜੂ)- ਉੱਪ ਮੰਡਲ ਦੇ ਪਿੰਡ ਸ਼ੇਖਪੁਰਾ ਵਿਖੇ ਇੱਕ ਨੌਜਵਾਨ ਦੇ ਚਿੱਟੇ ਦੀ ਭੇਟ ਚੜ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ | ਉੱਧਰ ਹੈਰਾਨੀਜਨਕ ਪਹਿਲੂ ਇਹ ਰਿਹਾ ਕਿ ਮਿ੍ਤਕ ਨੌਜਵਾਨ ਦੀ ਮਾਤਾ ਨੇ ਅੱਜ ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ਼ ਸਿੰਘ ਜਟਾਣਾ ਦੀ ਮੌਜੂਦਗੀ 'ਚ ਸਥਾਨਕ ਪੁਲਿਸ ਪ੍ਰਸ਼ਾਸਨ 'ਤੇ ਦੋਸ਼ ਲਾਏ ਕਿ ਉਨ੍ਹਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਦੇ ਪੁੱਤਰ ਦੀ ਲਾਸ਼ ਦਾ ਕੱਲ੍ਹ ਅੰਤਿਮ ਸੰਸਕਾਰ ਕਰਵਾ ਦਿੱਤਾ ਗਿਆ ਤੇ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ | ਦੱਸਣਾ ਬਣਦਾ ਹੈ ਕਿ ਪਿੰਡ ਸ਼ੇਖਪੁਰਾ ਦੇ ਦੋ ਭੈਣਾਂ ਦੇ ਇਕਲੌਤੇ ਭਰਾ ਅਤੇ ਮਾਤਾ ਪਿਤਾ ਦੇ ਇਕਲੌਤੇ ਪੁੱਤਰ ਗੁਰਸੇਵਕ ਸਿੰਘ ਦੀ ਲਾਸ਼ ਬੀਤੇ ਦਿਨ ਤਲਵੰਡੀ ਸਾਬੋ ਦੀ ਅਨਾਜ ਮੰਡੀ ਵਿਚੋਂ ਭੇਦਭਰੀ ਹਾਲਤ 'ਚ ਮਿਲੀ ਸੀ, ਲਾਸ਼ ਕੋਲੋਂ ਟੀਕੇ ਦੇ ਰੈਪਰ ਵੀ ਮਿਲੇ ਸਨ | ਬੀਤੇ ਕੱਲ੍ਹ ਪੁਲਿਸ ਅਤੇ ਪ੍ਰਸ਼ਾਸਨ ਨੇ ਪਰਿਵਾਰ ਦੀ ਸਹਿਮਤੀ ਨਾਲ ਨੌਜਵਾਨ ਦੀ ਮਿ੍ਤਕ ਦੇਹ ਦਾ ਸਸਕਾਰ ਕਰਵਾ ਦਿੱਤਾ ਪਰ ਅੱਜ ਜਦੋਂ ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਪੁੱਜੇ ਤਾਂ ਮਿ੍ਤਕ ਨੌਜਵਾਨ ਦੀ ਮਾਤਾ ਸੁਖਪਾਲ ਕੌਰ ਨੇ ਉਨਾਂ ਨੂੰ ਸਾਰੀ ਕਹਾਣੀ ਦੱਸਦਿਆਂ ਕਿਹਾ ਕਿ ਉਨਾਂ ਦੇ ਪੁੱਤਰ ਨੂੰ ਨਸ਼ਾ ਦੇ ਕੇ ਮਾਰਿਆ ਗਿਆ ਹੈ | ਉਨ੍ਹਾਂ ਨੇ ਸਥਾਨਕ ਪੁਲਿਸ ਅਧਿਕਾਰੀਆਂ ਤੇ ਇਲਜ਼ਾਮ ਲਾਏ ਕਿ ਜਦੋਂ ਪਰਿਵਾਰ ਸਦਮੇ 'ਚ ਸੀ ਤਾਂ ਬਿਨਾਂ ਕਿਸੇ ਕਾਰਵਾਈ ਤੋਂ ਮੇਰੇ ਪੁੱਤਰ ਦੀ ਮਿ੍ਤਕ ਦੇਹ ਦਾ ਅੰਤਿਮ ਸੰਸਕਾਰ ਕਰਵਾ ਦਿੱਤਾ ਗਿਆ | ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਾਮਲੇ ਦੀ ਪੜਤਾਲ ਕਰਵਾ ਕੇ ਉਨਾਂ ਦੇ ਪੁੱਤਰ ਨੂੰ ਨਸ਼ਾ ਦੇ ਕੇ ਮਾਰਨ ਵਾਲੇ ਦੋਸ਼ੀਆਂ ਖਿਲਾਫ ਕਾਰਵਾਈ ਅਮਲ 'ਚ ਲਿਆਂਦੀ ਜਾਵੇ |ਉੱਧਰ ਇਸ ਮੌਕੇ ਇਕੱਤਰ ਕੁਝ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਵਿੱਚ ਨਸ਼ਾ ਸ਼ਰੇਆਮ ਵਿਕਦਾ ਹੈ ਤੇ ਹੁਣ ਤੱਕ ਬਹੁਤ ਸਾਰੇ ਨੌਜਵਾਨ ਇਸ ਨਾ ਮੁਰਾਦ ਨਸ਼ੇ ਦੀ ਭੇਟ ਚੜ੍ਹ ਚੁੱਕੇ ਹਨ | ਪਿੰਡ ਵਾਸੀਆਂ ਗੁਰਦੀਪ ਕੌਰ ਤੇ ਕਾਕਾ ਸਿੰਘ ਨੇ ਕਿਹਾ ਕਿ ਨਸ਼ੇ ਦੀ ਵਿਕਰੀ ਬੰਦ ਕਰਵਾਉਣ ਲਈ ਪੁਲਿਸ ਇਮਾਨਦਾਰੀ ਵਰਤੇ | ਉਧਰ ਪੀੜਿਤ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਪੁੱਜੇ ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ 'ਯੁੱਧ ਨਸ਼ੇ ਵਿਰੁੱਧ' ਦੇ ਨਾਮ ਤੇ ਡਰਾਮੇਬਾਜ਼ੀ ਕਰ ਰਹੀ ਹੈ ਜਿਸ ਦੀ ਤਾਜ਼ਾ ਮਿਸਾਲ ਸ਼ੇਖਪੁਰੇ 'ਚ ਦੇਖਣ ਨੂੰ ਮਿਲੀ ਹੈ | ਜਟਾਣਾ ਨੇ ਕਿਹਾ ਕਿ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ ਤੇ ਜੇਕਰ ਪੁਲਿਸ ਨੇ ਕਾਰਵਾਈ ਨਾ ਕੀਤੀ ਤਾਂ ਸਾਨੂੰ ਤਲਵੰਡੀ ਸਾਬੋ ਬੰਦ ਕਰਕੇ ਸੰਘਰਸ਼ ਕਰਨਾ ਪਵੇਗਾ |
ਪਿਛਲੀ ਖ਼ਬਰ ਪੂਜਾ ਵਾਲਾ ਮੁਹੱਲਾ ਵਿਚ ਹਥਿਆਰਾਂ ਨਾਲ ਘੁੰਮਣ ਵਾਲੇ 4 ਵਿਅਕਤੀ ਕਾਬੂ ਅਗਲੀ ਖ਼ਬਰ ਬੀ.ਐਫ.ਜੀ.ਆਈ. ਵਿਖੇ 'ਸਾਈਬਰ ਅਪਰਾਧ' ਵਿਰੁੱਧ ਜਾਗਰੂਕਤਾ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।