ਤਲਵੰਡੀ ਸਾਬੋ, 29 ਮਾਰਚ (ਰਣਜੀਤ ਸਿੰਘ ਰਾਜੂ)-ਗੈਂਗਸਟਰਾਂ ਦੇ ਨਾਮ 'ਤੇ ਧਮਕੀਆਂ ਭਰੇ ਫੋਨ ਕਰਕੇ ਫਿਰੌਤੀ ਮੰਗਣ ਵਾਲੇ ਗਰੋਹ ਦੇ ਇਕ ਮੈਂਬਰ ਨੂੰ ਕਾਬੂ ਕਰ ਲੈਣ ਦਾ ਤਲਵੰਡੀ ਸਾਬੋ ਪੁਲਿਸ ਨੇ ਦਾਅਵਾ ਕੀਤਾ ਹੈ | ਪੁਲਿਸ ਮੁਤਾਬਿਕ ਫੜਿਆ ਗਿਆ ਕਥਿਤ ਦੋਸ਼ੀ ਪਿਛਲੇ ਕਈ ਦਿਨਾਂ ਤੋਂ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਫੋਨ ਤੇ ਧਮਕੀਆਂ ਦੇ ਕੇ ਫਿਰੌਤੀਆਂ ਮੰਗ ਰਿਹਾ ਸੀ | ਕਥਿਤ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਆਰੰਭ ਦਿੱਤੀ ਹੈ | ਜਾਣਕਾਰੀ ਅਤੇ ਦਰਜ਼ ਮਾਮਲੇ ਅਨੁਸਾਰ ਤਲਵੰਡੀ ਸਾਬੋ ਦੇ ਇੱਕ ਵਪਾਰੀ ਨੂੰ ਰਾਤ ਸਮੇਂ ਫੋਨ ਕਰਕੇ ਜਿੱਥੇ ਉਸ ਨੂੰ ਧਮਕੀ ਦਿੱਤੀ ਗਈ ਉਥੇ ਹੀ ਉਸ ਤੋਂ ਫਿਰੌਤੀ ਦੀ ਮੰਗ ਵੀ ਕੀਤੀ ਗਈ, ਵਪਾਰੀ ਵੱਲੋਂ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਦੇਖਦੇ ਹੋਏ ਫਿਰੌਤੀ ਮੰਗਣ ਵਾਲਿਆਂ ਨੂੰ ਰਾਤ ਸਮੇਂ 15 ਹਜ਼ਾਰ ਰੁਪਏ ਸਟੇਟ ਬੈਂਕ ਆਫ਼ ਇੰਡੀਆ ਦੇ ਨਜ਼ਦੀਕ ਫੜਾ ਦਿੱਤੇ ਗਏ, ਪੀੜਤ ਵਪਾਰੀ ਅਨੁਸਾਰ ਫਿਰੌਤੀ ਲੈਣ ਵਾਲੇ ਨੌਜਵਾਨਾਂ ਕੋਲ ਬਿਨ੍ਹਾਂ ਨੰਬਰੀ ਮੋਟਰ-ਸਾਈਕਲ ਸੀ ਅਤੇ ਉਨ੍ਹਾਂ ਦੇ ਮੂੰਹ ਬੰਨੇ ਹੋਏ ਸਨ | ਸ਼ਿਕਾਇਤ ਕਰਤਾ ਨੇ ਦੱਸਿਆ ਕਿ ਮਾਮਲੇ ਸਬੰਧੀ ਜਦੋਂ ਉਸ ਨੇ ਆਪਣੇ ਕੁਝ ਦੋਸਤਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਵੀ ਦੱਸਿਆ ਕਿ ਉਨ੍ਹਾਂ ਨੂੰ ਵੀ ਫਿਰੌਤੀ ਕਾਲਾਂ ਆ ਰਹੀਆਂ ਹਨ ਜਿਸ ਕਰਕੇ ਉਨ੍ਹਾਂ ਨੇ ਹੌਸਲਾ ਕਰਦਿਆਂ ਥਾਣਾ ਤਲਵੰਡੀ ਸਾਬੋ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ | ਉੱਧਰ ਤਲਵੰਡੀ ਸਾਬੋ ਪੁਲਿਸ ਅਨੁਸਾਰ ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਅਤੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਡੀ.ਐੱਸ.ਪੀ ਤਲਵੰਡੀ ਸਾਬੋ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਥਾਣਾ ਤਲਵੰਡੀ ਸਾਬੋ ਮੁਖੀ ਅਮਰੀਕ ਸਿੰਘ ਦੀ ਅਗਵਾਈ ਵਿਚ ਜਾਂਚ ਕਰਕੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਕਥਿਤ ਦੋਸ਼ੀ ਦੀ ਪਛਾਣ ਮਨਦੀਪ ਸਿੰਘ ਉਰਫ਼ ਦੀਪ ਵਾਸੀ ਤਲਵੰਡੀ ਸਾਬੋ ਵਜੋਂ ਹੋਈ ਹੈ, ਜਿਸ ਖਿਲਾਫ ਮਾਮਲਾ ਦਰਜ ਕਰਕੇ ਕਥਿਤ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਤੇ ਉਸ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ | ਪੁੱਛਗਿੱਛ ਦੌਰਾਨ ਕਈ ਖ਼ੁਲਾਸੇ ਹੋਣ ਦੀ ਉਮੀਦ ਹੈ | ਡੀ.ਐੱਸ.ਪੀ ਤਲਵੰਡੀ ਸਾਬੋ ਨੇ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਫਿਰੌਤੀ ਸਬੰਧੀ ਫੋਨ ਆਉਂਦਾ ਹੈ ਤਾਂ ਬਿਨਾਂ ਕਿਸੇ ਡਰ ਜਾਂ ਭੈਅ ਦੇ ਉਸ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ |
ਗੈਂਗਸਟਰਾਂ ਦੇ ਨਾਂਅ 'ਤੇ ਵਪਾਰੀਆਂ ਨੂੰ ਧਮਕੀ ਭਰੇ ਫੋਨ ਕਰਕੇ ਫਿਰੌਤੀ ਮੰਗਣ ਵਾਲਿਆਂ 'ਚੋਂ ਇਕ ਚੜਿ੍ਹਆ ਪੁਲਿਸ ਅੜਿੱਕੇ
ਅਜੀਤ ਡੈਸਕ
30-03-2026