ਤਲਵੰਡੀ ਸਾਬੋ, 29 ਅਪ੍ਰੈਲ (ਰਣਜੀਤ ਸਿੰਘ ਰਾਜੂ)- ਪੰਜਾਬ ਸਰਕਾਰ ਨਾਲ ਸਬੰਧਿਤ ਮੰਗਾਂ ਦੀ ਪੂਰਤੀ ਲਈ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਪ੍ਰਧਾਨ ਹਰਗੋਬਿੰਦ ਕੌਰ ਵਲੋਂ ਉਲੀਕੇ ਸੰਘਰਸ਼ ਦੀ ਲੜੀ ਤਹਿਤ ਆਂਗਣਵਾੜੀ ਵਰਕਰਾਂ ਵੱਲੋਂ ਸੱਤਾਧਿਰ ਦੇ ਵਿਧਾਇਕਾਂ ਦੇ ਦਫ਼ਤਰਾਂ ਅੱਗੇ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨਾਂ ਦੀ ਲੜੀ 'ਚ 5 ਮਈ ਨੂੰ ਸਥਾਨਕ ਆਂਗਣਵਾੜੀ ਵਰਕਰਾਂ ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਬੀਬਾ ਬਲਜਿੰਦਰ ਕੌਰ ਦੇ ਦਫਤਰ ਅੱਗੇ ਪ੍ਰਦਰਸ਼ਨ ਕਰਨਗੀਆਂ | ਉਕਤ ਜਾਣਕਾਰੀ ਅੱਜ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਬਲਾਕ ਪ੍ਰਧਾਨ ਬੀਬੀ ਬਲਵੀਰ ਕੌਰ ਨੇ ਗੱਲਬਾਤ ਕਰਦਿਆਂ ਦਿੱਤੀ | ਪ੍ਰੈੱਸ ਬਿਆਨ 'ਚ ਉਨ੍ਹਾਂ ਕਿਹਾ ਕਿ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ 2022 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਂਗਣਵਾੜੀ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਅਨੁਸਾਰ ਆਂਗਣਵਾੜੀ ਵਰਕਰਾਂ/ਹੈਲਪਰਾਂ ਦਾ ਮਾਣ ਭੱਤਾ ਦੁੱਗਣਾ ਕੀਤਾ ਜਾਵੇ, ਆਂਗਣਵਾੜੀ ਕੇਂਦਰਾਂ ਵਿਚੋਂ ਖੋਹੇ ਗਏ ਬੱਚੇ ਵਾਪਸ ਆਗਣਵਾੜੀਆਂ 'ਚ ਭੇਜੇ ਜਾਣ, ਆਂਗਣਵਾੜੀ ਵਰਕਰਾਂ ਨੂੰ ਪ੍ਰੀ ਨਰਸਰੀ ਅਧਿਆਪਕ ਦਾ ਦਰਜਾ ਦਿੱਤਾ ਜਾਵੇ, ਆਂਗਣਵਾੜੀ ਵਰਕਰਾਂ ਨੂੰ ਸਮਾਰਟ ਫੋਨ ਦਿੱਤੇ ਜਾਣ ਜੋ ਪਿਛਲੇ ਸਮੇਂ 'ਚ ਸਰਕਾਰ ਵਲੋਂ ਖ਼ਰੀਦੇ ਤਾਂ ਗਏ ਹਨ ਪਰੰਤੂ ਆਂਗਣਵਾੜੀ ਵਰਕਰਾਂ ਨੂੰ ਦਿੱਤੇ ਹੀ ਨਹੀ ਜਾ ਰਹੇ, ਆਂਗਣਵਾੜੀ ਵਰਕਰਾਂ ਨੂੰ ਮਾਂਵਾਂ ਧੀਆਂ ਸਤਿਕਾਰ ਯੋਜਨਾ 'ਚ ਕੰਮ ਕਰਨ ਬਦਲੇ 200 ਰੁਪਿਆ ਪ੍ਰਤੀ ਵਰਕਰ ਅਤੇ 100 ਰੁਪਿਆ ਪ੍ਰਤੀ ਹੈਲਪਰ ਭੱਤਾ ਦਿੱਤਾ ਜਾਵੇ | ਉਨ੍ਹਾਂ ਦੱਸਿਆ ਕਿ ਸਰਕਾਰ ਕੋਲੋਂ ਇਹ ਮੰਗ ਵੀ ਕੀਤੀ ਗਈ ਹੈ ਕਿ ਆਂਗਣਵਾੜੀ ਵਰਕਰਾਂ ਕੋਲੋਂ ਵਾਧੂ ਕੰਮ ਲੈਣੇ ਜਿਵੇਂ ਆਰਥਿਕ ਜਨਗਣਨਾ, ਡਰੱਗ ਜਨਗਨਣਾ ਅਤੇ ਮੁੱਖ ਜਨਗਣਨਾ ਆਦਿ ਬੰਦ ਕੀਤੇ ਜਾਣ, ਐੱਨ.ਜੀ.ਓਜ਼ ਅਧੀਨ ਚੱਲ ਰਹੇ ਤੇ ਬਲਾਕਾਂ ਨੂੰ ਵਾਪਸ ਲੈਣ ਦਾ ਹੋ ਚੁੱਕਿਆ ਨੋਟੀਫ਼ਿਕੇਸ਼ਨ ਲਾਗੂ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਇਨ੍ਹਾਂ ਮੰਗਾਂ ਸਬੰਧੀ ਹੀ 5 ਮਈ ਨੂੰ ਹਲਕਾ ਵਿਧਾਇਕਾ ਦੇ ਦਫਤਰ ਅੱਗੇ ਪ੍ਰਦਰਸ਼ਨ ਕਰਾਂਗੇ ਜਿਸ 'ਚ ਵੱਡੀ ਗਿਣਤੀ ਆਂਗਣਵਾੜੀ ਮੁਲਾਜ਼ਮ ਅਤੇ ਵਰਕਰ ਸ਼ਾਮਿਲ ਹੋਣਗੇ |