ਤਲਵੰਡੀ ਸਾਬੋ, 29 ਅਪ੍ਰੈਲ (ਰਵਜੋਤ ਸਿੰਘ ਰਾਹੀ)-ਗੁਰੂ ਕਾਸ਼ੀ ਯੂਨੀਵਰਸਿਟੀ ਦੇ ਐਨ.ਐਸ.ਐਸ. ਵਿਭਾਗ, ਇੰਟਰਨੈਸ਼ਨਲ ਐਜ਼ੂਕੇਸ਼ਨ ਡਿਵੀਜ਼ਨ, ਡਾਇਰੈਕਟਰ ਵਿਦਿਆਰਥੀ ਭਲਾਈ, ਲੋਕ ਸੰਪਰਕ ਵਿਭਾਗ ਤੇ ਫੈਕਲਟੀ ਆਫ਼ ਫਾਰਮਾਸੀਉਟੀਕਲ ਵਲੋਂ ਦੋਸਤ ਵੈਲਫੇਅਰ ਸੋਸਾਇਟੀ (ਰਜਿ.) ਬਠਿੰਡਾ ਦੇ ਸਹਿਯੋਗ ਨਾਲ ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀਆਂ ਲਈ ਮੁਫ਼ਤ ਡੈਂਟਲ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਦੰਦਾਂ ਦੇ ਮਾਹਿਰ ਡਾਕਟਰ ਰਜਨੀਸ਼ ਜਿੰਦਲ ਅਤੇ ਡਾ: ਯਸ਼ਿਕਾ ਅਗਰਵਾਲ ਦੇ ਟੀਮ ਵਲੋਂ ਲਗਭਗ 80 ਤੋਂ ਵੱਧ ਵਿਦਿਆਰਥੀਆਂ ਦੇ ਦੰਦਾਂ ਦਾ ਚੈੱਕਅਪ ਕੀਤਾ ਗਿਆ ਅਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ | ਇਸ ਮੌਕੇ ਵਾਇਸ ਚਾਂਸਲਰ ਪ੍ਰੋ: (ਡਾ:) ਜਗਤਾਰ ਸਿੰਘ ਧੀਮਾਨ ਨੇ ਕਿਹਾ ਕਿ ਵਿਦਿਆਰਥੀਆਂ ਲਈ ਮਾਹਿਰ ਡੈਂਟਿਸਟ ਕੋਲ ਜਾ ਕੇ ਦੰਦਾਂ ਦਾ ਇਲਾਜ ਕਰਵਾਉਣਾ ਸਮੇਂ ਦੀ ਘਾਟ ਕਾਰਨ ਮੁਸ਼ਕਿਲਾਂ ਪੇਸ਼ ਕਰਦਾ ਹੈ | ਇਸ ਲਈ 'ਵਰਸਿਟੀ ਦੇ ਲੋਕ ਸੰਪਰਕ ਵਿਭਾਗ ਦੇ ਉੱਦਮ ਸਦਕਾ ਉਨ੍ਹਾਂ ਲਈ ਦੰਦਾਂ ਦੇ ਮੁਫ਼ਤ ਚੈੱਕਅਪ ਕੈਂਪ ਦਾ ਆਯੋਜਨ ਇੰਟਰਨੈਸ਼ਨਲ ਹੋਸਟਲ ਵਿਖੇ ਕੀਤਾ ਗਿਆ | ਜਿਸ ਦਾ ਵਿਦਿਆਰਥੀਆਂ ਨੂੰ ਖੂਬ ਫਾਇਦਾ ਹੋਇਆ | ਕੈਂਪ ਬਾਰੇ ਜਾਣਕਾਰੀ ਦਿੰਦਿਆਂ ਡਾਇਰੈਕਟਰ ਵਿਦਿਆਰਥੀ ਭਲਾਈ ਸਰਦੂਲ ਸਿੰਘ ਸਿੱਧੂ ਅਤੇ ਐਨ.ਐਸ.ਐਸ ਕੁਆਰਡੀਨੇਟਰ ਨਰਿੰਦਰ ਕੌਰ ਨੇ ਦੱਸਿਆ ਕਿ ਬਠਿੰਡਾ ਦੇ ਧਰਤੀ ਹੇਠਲੇ ਪਾਣੀ ਦੇ ਠੀਕ ਨਾ ਹੋਣ ਕਾਰਨ ਵਿਦਿਆਰਥੀਆਂ ਵਿਚ ਦੰਦਾਂ ਅਤੇ ਚਮੜੀ ਦੇ ਰੋਗ ਜ਼ਿਆਦਾ ਪਾਏ ਜਾਂਦੇ ਹਨ, ਇਸ ਲਈ ਵਿਦਿਆਰਥੀਆਂ ਨੂੰ ਇਸ ਸੰਬੰਧੀ ਜਾਗਰੂਕ ਕਰਨ ਅਤੇ ਬਿਮਾਰੀਆਂ ਤੋਂ ਨਿਜਾਤ ਲਈ ਇਸ ਕੈਂਪ ਦਾ ਆਯੋਜਨ ਕੀਤਾ ਗਿਆ | ਉਨ੍ਹਾਂ ਦੱਸਿਆ 'ਵਰਸਿਟੀ ਵਲੋਂ ਦੋ ਮਹੀਨਿਆਂ ਵਿਚ ਇਹ ਦੂਸਰਾ ਚੈੱਕਅਪ ਕੈਂਪ ਸੀ | ਵਿਦਿਆਰਥੀਆਂ ਨੂੰ ਕੈਂਪ ਤੋਂ ਹੋਏ ਫਾਇਦੇ ਕਾਰਨ 'ਵਰਸਿਟੀ ਇਸ ਤਰ੍ਹਾਂ ਦੇ ਹੋਰ ਕੈਂਪ ਵੀ ਆਯੋਜਿਤ ਕਰੇਗੀ | ਕੈਂਪ ਨੂੰ ਸਫ਼ਲ ਬਣਾਉਣਾ ਵਿਚ ਡਾ: ਵਿਕਾਸ ਗੁਪਤਾ ਅਤੇ ਹੋਸਟਲ ਵਾਰਡਨ ਮਿਸਾਲ ਦਾ ਵਿਸ਼ੇਸ਼ ਸਹਿਯੋਗ ਰਿਹਾ |