ਅਕਾਲੀ ਦਲ ਨੇ ਇਸਤਰੀਆਂ ਦੇ ਮਾਣ ਸਨਮਾਨ ਲਈ ਹਮੇਸ਼ਾ ਮੋਹਰੀ ਰੋਲ ਅਦਾ ਕੀਤਾ- ਹਰਸਿਮਰਤ
ਅਜੀਤ ਡੈਸਕ
11-05-2026
ਮੌੜ ਮੰਡੀ, 10 ਮਈ (ਗੁਰਜੀਤ ਸਿੰਘ ਕਮਾਲੂ)- ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਇੰਚਾਰਜ ਅਤੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਦੀ ਅਗਵਾਈ ਵਿਚ ਮੌੜ ਮੰਡੀ ਵਿਖੇ ਇਸਤਰੀ ਵਿੰਗ ਦੀ ਹਲਕਾ ਪੱਧਰੀ ਮੀਟਿੰਗ ਕੀਤੀ ਜੋ ਇਕ ਵੱਡੀ ਰੈਲੀ ਦਾ ਰੂਪ ਧਾਰਨ ਕਰ ਗਈ | ਇਸ ਮੀਟਿੰਗ ਵਿਚ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਇਸ ਮੌਕੇ ਸੰਬੋਧਨ ਕਰਦੇ ਹੋਏ ਬੀਬਾ ਹਰਸਿਮਰਤ ਕੌਰ ਬਾਦਲ ਨੇ ਸਭ ਤੋਂ ਪਹਿਲਾਂ ਮਾਂ ਦਿਵਸ 'ਤੇ ਸਾਰੀਆਂ ਹੀ ਮਾਵਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਔਰਤਾਂ ਦੀ ਭਲਾਈ ਲਈ ਕੰਮ ਕੀਤੇ ਅਤੇ ਔਰਤਾਂ ਦੀ ਬਿਹਤਰੀ ਲਈ ਆਪਣਾ ਮੋਹਰੀ ਰੋਲ ਅਦਾ ਕੀਤਾ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹੀ ਔਰਤਾਂ ਦੀ ਰਸੋਈ ਲਈ ਆਟਾ ਦਾਲ ਦੀ ਸਕੀਮ ਸ਼ੁਰੂ ਕੀਤੀ | ਵਿਦਿਆਰਥਣਾਂ ਨੂੰ ਮੁਫ਼ਤ ਸਾਈਕਲ ਦਿੱਤੇ, ਸ਼ਗਨ ਸਕੀਮ ਦਿੱਤੀ | ਪਰ ਅੱਜ ਦੀਆਂ ਸਰਕਾਰਾਂ ਚਿੱਟੇ ਦੀ ਘਰ-ਘਰ ਸਪਲਾਈ ਕਰਕੇ ਬਜ਼ੁਰਗਾਂ ਮਾਵਾਂ ਦੀਆਂ ਕੁੱਖਾਂ ਉਜਾੜ ਰਹੀਆਂ ਹਨ | ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਸ਼ਾਨੇ ਲਾਉਂਦੇ ਹੋਏ ਕਿਹਾ ਕਿ ਬੇਅਦਬੀ ਦਾ ਕਾਨੂੰਨ ਬਣਾ ਕੇ ਭਗਵੰਤ ਮਾਨ ਮਾਨ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਇਸ ਕਾਨੂੰਨ ਤੋਂ ਡਰ ਕੇ ਲੋਕ ਆਪਣੇ ਘਰਾਂ ਵਿਚੋਂ ਪੋਥੀਆਂ ਗੁਟਕਾ ਸਾਹਿਬ ਅਤੇ ਹੋਰ ਧਾਰਮਿਕ ਗ੍ਰੰਥ ਗੁਰਦੁਆਰਾ ਸਾਹਿਬਾਨਾਂ ਵਿਚ ਜਮਾਂ ਕਰਵਾ ਰਹੇ ਹਨ | ਉਨ੍ਹਾਂ ਕਿਹਾ ਕਿ ਇਹ ਕਾਨੂੰਨ ਸਿੱਖ ਸੰਗਤ ਅਤੇ ਸ਼੍ਰੋਮਣੀ ਕਮੇਟੀ ਦੀ ਰਾਇ ਨਾਲ ਬਣਾਇਆ ਜਾਣਾ ਚਾਹੀਦਾ ਸੀ | ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਨੌਜਵਾਨ ਚਿੱਟੇ ਅਤੇ ਹੋਰ ਮਾਰੂ ਨਸ਼ਿਆਂ ਨਾਲ ਮਰ ਰਹੇ ਹਨ ਇਸ ਖਿਲਾਫ ਵਿਚ ਇਕ ਕਾਨੂੰਨ ਲਿਆਉਣਾ ਚਾਹੀਦਾ ਸੀ | ਬੀਬਾ ਹਰਸਿਮਰਤ ਕੌਰ ਬਾਦਲ ਨੇ ਔਰਤਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪਿਛਲੀ ਵਾਰ ਹਜ਼ਾਰ ਹਜ਼ਾਰ ਰੁਪਏ ਦਾ ਲਾਰਾ ਲਾ ਕੇ ਭਗਵੰਤ ਮਾਨ ਨੇ ਔਰਤਾਂ ਨੂੰ ਠੱਗਿਆ ਹੈ | ਇਸ ਲਈ ਅੱਜ ਲੋੜ ਹੈ ਕਿ ਬੀਬੀਆਂ ਅਕਾਲੀ ਦਲ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਤਾਂ ਜੋ ਆਉਣ ਵਾਲੇ ਸਮੇਂ ਵਿਚ ਅਕਾਲੀ ਦਲ ਦੀ ਸਰਕਾਰ ਲਿਆਂਦੀ ਜਾ ਰਹੇ | ਇਸ ਮੌਕੇ ਜਨਮੇਜਾ ਸਿੰਘ ਸੇਖੋਂ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਆਪਣੀ ਸਰਕਾਰ ਬਣਨ 'ਤੇ ਸਾਰੇ ਹੀ ਵਿਦਿਆਰਥੀਆਂ ਲਈ 10 ਲੱਖ ਦਾ ਲੋਨ, ਬੁਢਾਪਾ ਪੈਨਸ਼ਨ ਤਿੰਨ ਹਜ਼ਾਰ ਰੁਪਏ, ਸ਼ਗਨ ਸਕੀਮ ਇਕ ਲੱਖ ਰੁਪਏ, ਲੋੜਵੰਦ ਕਿਸਾਨਾਂ ਨੂੰ ਮੋਟਰ ਕੁਨੈਕਸ਼ਨ ਦਿੱਤੇ ਜਾਣਗੇ | ਇਸ ਲਈ ਸਾਰੇ ਵਰਕਰ ਆਪਣੀ ਸਰਕਾਰ ਲਿਆਉਣ ਲਈ ਹੰਭਲਾ ਮਾਰਨ | ਇਸਤਰੀ ਅਕਾਲੀ ਦਲ ਦੀ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਔਰਤਾਂ ਨੂੰ ਵੀ ਅੱਗੇ ਆਉਣ ਚਾਹੀਦਾ ਹੈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਕਲਿਆਣ, ਐਸ.ਸੀ. ਵਿੰਗ ਜ਼ਿਲ੍ਹਾ ਪ੍ਰਧਾਨ ਰਾਜਵੰਤ ਸਿੰਘ ਕੋਟਭਾਰਾ, ਹਰਭਜਨ ਸਿੰਘ ਮਾਈਸਰਖਾਨਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਹਰਬੰਸ ਕੌਰ ਹਲਕਾ ਪ੍ਰਧਾਨ ਇਸਤਰੀ ਵਿੰਗ, ਵੀਰਪਾਲ ਕੌਰ ਪ੍ਰਧਾਨ ਇਕਾਈ ਜੋਧਪੁਰ ਆਦਿ ਤੋਂ ਇਲਾਵਾ ਹਲਕਾ ਮੌੜ ਦੇ ਅਹੁਦੇਦਾਰ ਅਤੇ ਵੱਡੀ ਗਿਣਤੀ ਵਿਚ ਬੀਬੀਆਂ ਹਾਜ਼ਰ ਸਨ |