ਰਾਮਪੁਰਾ ਫੂਲ, 10 ਮਈ (ਹੇਮੰਤ ਕੁਮਾਰ ਸ਼ਰਮਾ)- ਨੀਤੀ ਆਯੋਗ ਵਲੋਂ ਜਾਰੀ ਕੀਤੀ ਸਕੂਲ ਸਿੱਖਿਆ ਸੰਬੰਧੀ ਤਾਜ਼ਾ ਰਿਪੋਰਟ ਵਿਚ ਪੰਜਾਬ ਨੇ ਇੱਕ ਵਾਰ ਫਿਰ ਦੇਸ਼ ਦੇ ਸਭ ਤੋਂ ਉੱਤਮ ਪ੍ਰਦਰਸ਼ਨ ਕਰਨ ਵਾਲੇ ਰਾਜਾਂ ਵਿਚ ਆਪਣਾ ਨਾਮ ਦਰਜ ਕਰਵਾਇਆ ਹੈ | ਰਿਪੋਰਟ ਅਨੁਸਾਰ ਪੰਜਾਬ ਨੇ ਸਿੱਖਣ ਦੇ ਪੱਧਰ, ਡਿਜੀਟਲ ਸੁਵਿਧਾਵਾਂ, ਵਿਦਿਆਰਥੀ-ਅਧਿਆਪਕ ਅਨੁਪਾਤ ਅਤੇ ਕੰਨਿ੍ਹਆਂ ਸਿੱਖਿਆ ਦੇ ਖੇਤਰ ਵਿਚ ਰਾਸ਼ਟਰੀ ਔਸਤ ਤੋਂ ਕਾਫ਼ੀ ਬਿਹਤਰ ਪ੍ਰਦਰਸ਼ਨ ਕੀਤਾ ਹੈ | ਵਿਧਾਇਕ ਬਲਕਾਰ ਸਿੱਧੂ ਨੇ ਉਪਲਬਧੀ 'ਤੇ ਪੰਜਾਬ ਸਰਕਾਰ, ਸਿੱਖਿਆ ਵਿਭਾਗ, ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਵਿਚ ਵਿਦੇਸ਼ੀ ਅਧਿਐਨ ਦੌਰੇ ਅਤੇ ਅਧਿਆਪਕਾਂ ਦੀ ਨਿਰੰਤਰ ਤਾਲੀਮ ਵਰਗੀਆਂ ਪਹਿਲਾਂ ਨੇ ਸਿੱਖਿਆ ਦੀ ਗੁਣਵੱਤਾ ਨੂੰ ਨਵੀਆਂ ਉਚਾਈਆਂ 'ਤੇ ਪਹੁੰਚਾਇਆ ਹੈ | ਪ੍ਰੋਫੈਸਰ ਹਰਪ੍ਰੀਤ ਹੈਪੀ ਨੇ ਕਿਹਾ ਕਿ ਨੀਤੀ ਆਯੋਗ ਦੀ ਰਿਪੋਰਟ ਪੰਜਾਬ ਦੇ ਅਧਿਆਪਕਾਂ ਦੀ ਮਿਹਨਤ ਅਤੇ ਸਰਕਾਰ ਦੀ ਦੂਰਅੰਦੇਸ਼ੀ ਨੀਤੀਆਂ ਦਾ ਜੀਵੰਤ ਸਬੂਤ ਹੈ | ਉਨ੍ਹਾਂ ਕਿਹਾ ਕਿ ਸਕੂਲਾਂ ਨੂੰ ਡਿਜੀਟਲ ਤੌਰ 'ਤੇ ਮਜ਼ਬੂਤ ਬਣਾਉਣ, ਵਿਦਿਆਰਥੀਆਂ ਲਈ ਮੁਫ਼ਤ ਅਤੇ ਗੁਣਵੱਤਾ ਭਰੀ ਸਿੱਖਿਆ, ਪ੍ਰੈਕਟੀਕਲ ਆਧਾਰਿਤ ਪੜ੍ਹਾਈ ਅਤੇ ਵਿਦਿਆਰਥੀ-ਕੇਂਦਰਿਤ ਸਿਖਲਾਈ 'ਤੇ ਖ਼ਾਸ ਧਿਆਨ ਦਿੱਤਾ ਗਿਆ | ਰਿਪੋਰਟ ਅਨੁਸਾਰ ਪਰਖ-2024 ਦੀਆਂ ਤੀਜੀ, ਛੇਵੀਂ ਅਤੇ ਨੌਵੀਂ ਜਮਾਤਾਂ ਦੇ ਨਤੀਜਿਆਂ ਵਿਚ ਪੰਜਾਬ ਪੂਰੇ ਭਾਰਤ ਦੇ ਸਭ ਤੋਂ ਮਜ਼ਬੂਤ ਪ੍ਰਦਰਸ਼ਨ ਕਰਨ ਵਾਲੇ ਰਾਜਾਂ ਵਿਚੋਂ ਇੱਕ ਰਿਹਾ | ਤੀਜੀ ਜਮਾਤ ਵਿਚ ਪੰਜਾਬ ਨੇ ਭਾਸ਼ਾ ਵਿਚ 82 ਫ਼ੀਸਦੀ ਅਤੇ ਗਣਿਤ ਵਿਚ 78 ਫ਼ੀਸਦੀ ਅੰਕ ਪ੍ਰਾਪਤ ਕਰਕੇ ਦੇਸ਼ ਭਰ ਵਿਚ ਪਹਿਲਾ ਸਥਾਨ ਹਾਸਲ ਕੀਤਾ ਅਤੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਵਿਚ ਨਵੀਆਂ ਇਮਾਰਤਾਂ, ਆਧੁਨਿਕ ਲੈਬਾਂ, ਖੇਡ ਮੈਦਾਨ, ਲਾਇਬ੍ਰੇਰੀਆਂ, ਵਿਦਿਆਰਥੀਆਂ ਲਈ ਕਰੀਅਰ ਮਾਰਗਦਰਸ਼ਨ, ਮੁਕਾਬਲਤੀ ਪ੍ਰੀਖਿਆਵਾਂ ਦੀ ਤਿਆਰੀ ਅਤੇ ਅਧਿਆਪਕਾਂ ਲਈ ਵਿਸ਼ੇਸ਼ ਤਰਬੀਅਤ ਕਾਰਜਕ੍ਰਮ ਚਲਾਏ ਜਾ ਰਹੇ | 'ਸਕੂਲ ਆਫ਼ ਐਮੀਨੈਂਸ' ਅਤੇ 'ਮੁੱਖ ਮੰਤਰੀ ਯੋਗਸ਼ਾਲਾ' ਵਰਗੀਆਂ ਯੋਜਨਾਵਾਂ ਨੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਨਵੀਂ ਦਿਸ਼ਾ ਦਿੱਤੀ ਹੈ |