08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ 2 ਜੂਨ ਦੇ ਧਰਨੇ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ

ਅਜੀਤ ਡੈਸਕ 01-06-2026
ਤਲਵੰਡੀ ਸਾਬੋ, 31 ਮਈ (ਰਵਜੋਤ ਸਿੰਘ ਰਾਹੀ)-ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ਤਹਿਤ 2 ਜੂਨ ਨੂੰ ਜ਼ਿਲ੍ਹਾ ਪੱਧਰ 'ਤੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਦਿੱਤੇ ਜਾ ਰਹੇ ਧਰਨੇ ਦੀਆਂ ਤਿਆਰੀਆਂ ਸੰਬੰਧੀ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਬਲਾਕ ਤਲਵੰਡੀ ਸਾਬੋ ਵਲੋਂ ਪ੍ਰਧਾਨ ਬਹੱਤਰ ਸਿੰਘ ਨੰਗਲਾ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ | ਜਿਸ ਦੌਰਾਨ ਵੱਧ ਤੋਂ ਵੱਧ ਕਿਸਾਨਾਂ, ਮਜ਼ਦੂਰਾਂ ਤੇ ਔਰਤਾਂ ਦੀ ਸ਼ਮੂਲੀਅਤ ਕਰਵਾਉਣ ਸੰਬੰਧੀ ਵਿਉਂਤਬੰਦੀ ਬਣਾਈ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਬਹੱਤਰ ਸਿੰਘ ਨੰਗਲਾ ਤੇ ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ ਨੇ ਕਿਹਾ ਕਿ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਕਿਸਾਨਾਂ, ਮਜ਼ਦੂਰਾਂ ਤੇ ਹੋਰ ਕਿਰਤੀ ਵਰਗ ਦੇ ਲੋਕਾਂ 'ਤੇ ਸਰਕਾਰਾਂ ਨੇ ਖਾਦਾਂ, ਡੀਜ਼ਲ, ਪੈਟਰੋਲ ਤੇ ਗੈੱਸ ਦੀਆਂ ਕੀਮਤਾਂ ਵਿਚ ਅਥਾਹ ਵਾਧਾ ਕਰਕੇ ਉਨ੍ਹਾਂ ਦੀ ਆਰਥਿਕਤਾ 'ਤੇ ਹੋਰ ਵੱਡਾ ਬੋਝ ਪਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਕਾਰਪੋਰੇਟਾਂ ਦੀਆਂ ਫ਼ੈਕਟਰੀਆਂ ਵਲੋਂ ਪਾਣੀ ਨੂੰ ਪ੍ਰਦੂਸ਼ਣ ਤੇ ਜ਼ਹਿਰੀਲਾ ਕਰਨ ਤੋਂ ਰੋਕਣ ਅਤੇ ਮੀਂਹਾਂ, ਹੜ੍ਹਾਂ ਕਾਰਨ ਬਰਬਾਦੀ ਕਰ ਰਹੇ ਪਾਣੀ ਦੀ ਸੁਚੱਜੀ ਸੰਭਾਲ ਕਰਨ ਦੀ ਬਜਾਏ ਇੱਕ ਦੂਜੇ ਰਾਜਾਂ ਨਾਲ ਲੜਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਸਰਕਾਰ ਵਲੋਂ ਕੋਆਪਰੇਟਿਵ ਸੁਸਾਇਟੀਆਂ ਦੇ ਹੱਦ ਕਰਜ਼ਿਆਂ ਵਿਚ ਵਾਧਾ ਕਰਕੇ ਇਸ ਨੂੰ ਲਾਗੂ ਨਾ ਕਰਨ 'ਤੇ ਕਿਸਾਨਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ | ਕਿਸਾਨ ਆਗੂਆਂ ਨੇ ਕਿਹਾ ਕਿ 2 ਜੂਨ ਨੂੰ ਮੰਗ-ਪੱਤਰ ਦੇ ਕੇ ਮੰਗ ਕੀਤੀ ਜਾਵੇਗੀ ਕਿ ਕਾਰਪੋਰੇਟਾਂ ਨੂੰ ਪਾਣੀਆਂ 'ਤੇ ਕਬਜ਼ਾ ਕਰਨ ਤੋਂ ਬਾਹਰ ਕੀਤਾ ਜਾਵੇ, ਪਾਣੀਆਂ ਦੇ ਮਸਲੇ ਹੱਲ ਕੀਤੇ ਜਾਣ, ਡੀਜ਼ਲ, ਪੈਟਰੋਲ, ਗੈੱਸ ਤੇ ਹੋਰ ਵਸਤਾਂ ਦੀਆਂ ਕੀਮਤਾਂ 'ਚ ਕੀਤਾ ਵਾਧਾ ਵਾਪਸ ਲਿਆ ਜਾਵੇ, ਕੋਆਪਰੇਟਿਵ ਸੁਸਾਇਟੀਆਂ ਦੇ ਹੱਦ ਕਰਜ਼ਿਆਂ 'ਚ ਵਾਧਾ ਲਾਗੂ ਕੀਤਾ ਜਾਵੇ, ਬੈਂਕਾਂ ਵਿਚ ਖੱਜਲ ਖੁਆਰੀ ਖ਼ਤਮ ਕੀਤੀ ਜਾਵੇ, ਕੋ-ਆਪ੍ਰੇਟਿਵ ਅਤੇ ਖੇਤੀਬਾੜੀ ਵਿਕਾਸ ਬੈਂਕਾਂ ਦੇ ਕਰਜ਼ੇ ਦੇ ਨਬੇੜੇ ਲਈ ਯਸ਼ਮੁਕਤ ਨਿਪਟਾਰਾ ਸਕੀਮ ਲਾਗੂ ਕੀਤੀ ਜਾਵੇ ਅਤੇ ਭਾਰਤ ਸਰਕਾਰ ਸੰਸਾਰ ਵਪਾਰ ਸੰਸਥਾ 'ਚੋਂ ਬਾਹਰ ਆਵੇ | ਇਸ ਮੌਕੇ ਬਲਾਕ ਤਲਵੰਡੀ ਸਾਬੋ ਦੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਚੱਠੇਵਾਲਾ, ਮੀਤ ਪ੍ਰਧਾਨ ਕੁਲਵਿੰਦਰ ਸਿੰਘ ਗਿਆਨਾ, ਬਲਾਕ ਆਗੂ ਰਣਜੋਧ ਸਿੰਘ ਮਾਹੀ ਨੰਗਲ ਤੇ ਕਲੱਤਰ ਕਲਾਲਵਾਲਾ ਸਮੇਤ ਪਿੰਡ ਇਕਾਈਆਂ ਹਾਜ਼ਰ ਸਨ |
ਪਿਛਲੀ ਖ਼ਬਰ ਪੁਨੀਤ ਸਿੱਧੂ ਦਾ ਪਹਿਲਾ ਕਾਵਿ-ਸੰਗ੍ਰਹਿ 'ਅਨਪੈਕਿੰਗ ਦਾ ਹਾਰਟ' ਪ੍ਰਕਾਸ਼ਿਤ <br/> ਅਗਲੀ ਖ਼ਬਰ ਸੁਦੇਸ਼ ਵਾਟਿਕਾ ਕਾਨਵੈਂਟ ਸਕੂਲ ਭਾਗੀਵਾਂਦਰ ਵਿਖੇ ਅਧਿਆਪਕਾਂ ਲਈ 'ਰਿਟਾਇਰਮੈਂਟ ਪਲਾਨਿੰਗ ' ਸੰਬੰਧੀ ਵਰਕਸ਼ਾਪ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।