ਰਾਮਪੁਰਾ ਫੂਲ, 4 ਜੂਨ (ਨਰਪਿੰਦਰ ਸਿੰਘ ਧਾਲੀਵਾਲ)-ਬਠਿੰਡਾ ਜ਼ਿਲ੍ਹੇ ਦੇ ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ ਨਸ਼ਾ ਤਸਕਰੀ ਅਤੇ ਚੋਰੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ ਅਨਸਰਾਂ ਖਿਲਾਫ਼ ਸ਼ਿਕੰਜਾ ਕੱਸਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ 3 ਜੂਨ 2026 ਨੂੰ ਪੁਲਿਸ ਵਲੋਂ ਦੋ ਵੱਖ-ਵੱਖ ਮਾਮਲੇ ਦਰਜ ਕਰਕੇ ਚਾਰ ਮੁਲਜ਼ਮਾਂ ਨੂੰ ਸਲਾਖ਼ਾਂ ਪਿੱਛੇ ਡੱਕਿਆ ਗਿਆ ਹੈ | ਪਹਿਲੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਮਨੋਜ ਕੁਮਾਰ ਪੀ. ਪੀ. ਐਸ. ਤੇ ਇੰਸਪੈਕਟਰ ਹਰਬੰਸ ਸਿੰਘ ਥਾਣਾ ਸਿਟੀ ਰਾਮਪੁਰਾ ਫੂਲ ਨੇ ਦੱਸਿਆ ਕਿ ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਪਾਰਟੀ ਵਲੋਂ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੌਰਾਨ ਇਕ ਅਹਿਮ ਗਿ੍ਫ਼ਤਾਰੀ ਕੀਤੀ ਗਈ ਹੈ | ਪੁਲਿਸ ਪਾਰਟੀ ਜਦੋਂ ਜੋੜੇ ਪੁਲ ਰਾਮਪੁਰਾ ਮੰਡੀ ਤੋਂ ਗੁਰਦੁਆਰਾ ਮਾੜੀ ਸਿੱਖਾਂ ਝਿੜੀ ਹੁੰਦੇ ਹੋਏ ਕੱਚੇ ਰਸਤੇ ਰਾਹੀਂ ਮੇਨ ਹਾਈਵੇ ਵੱਲ ਜਾ ਰਹੀ ਸੀ, ਤਾਂ ਬੁਲਟਮੋਟਰ ਸਾਈਕਲ ਨੰਬਰ ਪੀ ਬੀ 10 ਐਫ ਈ 3779 'ਤੇ ਸਵਾਰ ਇਕ ਸ਼ੱਕੀ ਨੌਜਵਾਨ ਨੂੰ ਕਾਬੂ ਕੀਤਾ ਗਿਆ | ਫੜੇ ਗਏ ਨੌਜਵਾਨ ਦੀ ਪਛਾਣ ਕਰੀਬ 25 ਸਾਲਾ ਹੈਪੀ ਸਿੰਘ ਪੁੱਤਰ ਜਗਸੀਰ ਸਿੰਘ ਵਜੋਂ ਹੋਈ ਹੈ, ਜੋ ਕਿ ਮੂਲ ਰੂਪ ਵਿੱਚ ਲਹਿਰਾ ਧੂਰਕੋਟ ਦਾ ਰਹਿਣ ਵਾਲਾ ਹੈ ਅਤੇ ਮੌਜੂਦਾ ਸਮੇਂ ਸ਼ਹੀਦ ਭਗਤ ਸਿੰਘ ਕਾਲੋਨੀ, ਰਾਮਪੁਰਾ ਮੰਡੀ ਵਿਖੇ ਰਹਿ ਰਿਹਾ ਸੀ | ਹੈਰਾਨੀ ਦੀ ਗੱਲ ਇਹ ਹੈ ਕਿ ਮੁਲਜ਼ਮ ਫਲਿਪਕਾਰਟ ਕੰਪਨੀ ਵਿਚ ਬਤੌਰ ਡਿਲੀਵਰੀ ਬੁਆਏ ਦਾ ਕੰਮ ਕਰਦਾ ਸੀ ਅਤੇ ਇਸੇ ਆੜ ਵਿਚ ਨਸ਼ਾ ਤਸਕਰੀ ਦਾ ਧੰਦਾ ਚਲਾ ਰਿਹਾ ਸੀ | ਤਲਾਸ਼ੀ ਦੌਰਾਨ ਉਸ ਕੋਲੋਂ 300 ਗ੍ਰਾਮ ਹੈਰੋਇਨ (ਚਿੱਟਾ) ਅਤੇ ਇਕ ਬੁਲਟ ਮੋਟਰ ਸਾਈਕਲ ਬਰਾਮਦ ਕੀਤਾ ਗਿਆ ਹੈ | ਪੁਲਿਸ ਵਲੋਂ ਉਸ ਦੇ ਖਿਲਾਫ਼ ਐਨ. ਡੀ. ਪੀ. ਐਸ. ਐਕਟ ਦੀ ਧਾਰਾ 21ਸੀ/61/85 ਤਹਿਤ ਮੁਕੱਦਮਾ ਨੰਬਰ 122 ਦਰਜ ਕੀਤਾ ਗਿਆ ਹੈ | ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਹੈਪੀ ਸਿੰਘ ਦਾ ਪਿਛੋਕੜ ਵੀ ਅਪਰਾਧਿਕ ਰਿਹਾ ਹੈ ਅਤੇ ਉਸ ਉੱਪਰ ਪਹਿਲਾਂ ਵੀ 1 ਜਨਵਰੀ 2026 ਨੂੰ ਥਾਣਾ ਸਿਟੀ ਰਾਮਪੁਰਾ ਵਿਖੇ ਆਰਮਜ਼ ਐਕਟ ਦੀਆਂ ਧਾਰਾਵਾਂ 25, 27/54/59 ਤਹਿਤ ਮੁਕੱਦਮਾ ਨੰਬਰ 01 ਦਰਜ ਹੈ | ਇਸੇ ਦਿਨ ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਨੇ ਇਕ ਹੋਰ ਕਾਰਵਾਈ ਕਰਦਿਆਂ ਬਿਜਲੀ ਦੀਆਂ ਤਾਰਾਂ ਚੋਰੀ ਕਰਨ ਵਾਲੇ ਇਕ ਗਰੋਹ ਦਾ ਪਰਦਾਫਾਸ਼ ਕਰਕੇ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਏ.ਐਸ.ਆਈ. ਗੁਰਦਿੱਤ ਸਿੰਘ ਵਲੋਂ ਦਰਜ ਕਰਵਾਏ ਗਏ ਬਿਆਨਾਂ ਅਨੁਸਾਰ, ਜਦੋਂ ਉਹ ਸਮੇਤ ਪੁਲਿਸ ਪਾਰਟੀ ਬੱਸ ਸਟੈਂਡ ਰਾਮਪੁਰਾ ਮੰਡੀ ਵਿਖੇ ਗਸ਼ਤ ਅਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਇਕ ਖਾਸ ਮੁਖ਼ਬਰੀ ਮਿਲੀ | ਸੂਚਨਾ ਮਿਲੀ ਸੀ ਕਿ ਲਵਪ੍ਰੀਤ ਸਿੰਘ ਉਰਫ਼ ਮੋਤੀ, ਜਸਪਾਲ ਸਿੰਘ ਉਰਫ਼ ਜੱਸੀ ਅਤੇ ਸੰਦੀਪ ਬਿਜਲੀ ਦੀਆਂ ਤਾਰਾਂ ਚੋਰੀ ਕਰਨ ਦੇ ਆਦੀ ਹਨ | ਮੁਖ਼ਬਰ ਨੇ ਇਹ ਵੀ ਦੱਸਿਆ ਕਿ ਇਹ ਤਿੰਨੋਂ ਮੁਲਜ਼ਮ ਇਕ ਇਲੈਕਟਰੋਨਿਕ ਸਕੂਟਰੀ 'ਤੇ ਸਵਾਰ ਹੋ ਕੇ ਆਪਣੀਆਂ ਚੋਰੀ ਕੀਤੀਆਂ ਤਾਰਾਂ ਵੇਚਣ ਦੀ ਤਾਕ ਵਿਚ ਘੁੰਮ ਰਹੇ ਹਨ | ਇਸ ਪੱਕੀ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਛਾਪੇਮਾਰੀ ਕੀਤੀ ਅਤੇ ਤਿੰਨਾਂ ਦੋਸ਼ੀਆਂ ਨੂੰ ਬਿਜਲੀ ਦੀਆਂ ਤਾਰਾਂ ਅਤੇ ਇਕ ਇਲੈਕਟ੍ਰੋਨਿਕ ਸਕੂਟਰੀ ਸਮੇਤ ਕਾਬੂ ਕਰ ਲਿਆ | ਗਿ੍ਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ 25 ਸਾਲਾ ਲਵਪ੍ਰੀਤ ਸਿੰਘ ਉਰਫ਼ ਮੋਤੀ ਪੁੱਤਰ ਸਤਪਾਲ ਵਾਸੀ ਦਸਮੇਸ਼ ਨਗਰ, ਰਾਮਪੁਰਾ ਮੰਡੀ, 26 ਸਾਲਾ ਜਸਪਾਲ ਸਿੰਘ ਉਰਫ਼ ਜੱਸੀ ਪੁੱਤਰ ਕਿ੍ਸ਼ਨ ਸਿੰਘ ਵਾਸੀ ਰਾਮਪੁਰਾ ਮੰਡੀ ਅਤੇ 43 ਸਾਲਾ ਸੰਦੀਪ ਪੁੱਤਰ ਕਿ੍ਸ਼ਨ ਲਾਲ ਵਾਸੀ ਜਨਤਾ ਕਾਲੋਨੀ, ਰਾਮਪੁਰਾ ਮੰਡੀ ਵਜੋਂ ਹੋਈ ਹੈ | ਇਨ੍ਹਾਂ ਤਿੰਨਾਂ ਮੁਲਜ਼ਮਾਂ ਖਿਲਾਫ਼ ਬੀ.ਐਨ.ਐਸ. ਦੀਆਂ ਧਾਰਾਵਾਂ 303(2) ਅਤੇ 317(2) ਤਹਿਤ ਮੁਕੱਦਮਾ ਨੰਬਰ 123 ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਪੁਲਿਸ ਦੀ ਇਸ ਮੁਸਤੈਦੀ ਨਾਲ ਸ਼ਹਿਰ ਵਿਚ ਹੋ ਰਹੀਆਂ ਚੋਰੀਆਂ ਅਤੇ ਨਸ਼ਾ ਤਸਕਰੀ ਦੀਆਂ ਵਾਰਦਾਤਾਂ ਨੂੰ ਠੱਲ੍ਹ ਪੈਣ ਦੀ ਉਮੀਦ ਜਤਾਈ ਜਾ ਰਹੀ ਹੈ ਅਤੇ ਬਾਰੀਕੀ ਨਾਲ ਪੁੱਛਗਿੱਛ ਦੌਰਾਨ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ |
ਡਿਲੀਵਰੀ ਬੁਆਏ ਦੀ ਆੜ 'ਚ ਨਸ਼ਾ ਤਸਕਰੀ
ਅਜੀਤ ਡੈਸਕ
05-06-2026