18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਭਾਰਤ-ਅਮਰੀਕਾ ਵਪਾਰ ਸਮਝੌਤੇ ਦੇ ਵਿਰੋਧ 'ਚ ਸੰਯੁਕਤ ਕਿਸਾਨ ਮੋਰਚਾ ਸੜਕ 'ਤੇ ਉੱਤਰਿਆ

ਬਠਿੰਡਾ 'ਚ ਭਾਰਤ-ਅਮਰੀਕਾ ਸਮਝੌਤੇ ਵਿਰੁੱਧ ਕਿਸਾਨ ਰੋਸ ਮਾਰਚ ਕਰਦੇ ਹੋਏ ਤੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਮੰਗ-ਪੱਤਰ ਸੌਂਪਦੇ ਹੋਏ | ਤਸਵੀਰਾਂ: ਲਵਲੀ<br/> 05-06-2026

ਬਠਿੰਡਾ, 4 ਜੂਨ (ਸੱਤਪਾਲ ਸਿੰਘ ਸਿਵੀਆਂ)-ਭਾਰਤ-ਅਮਰੀਕਾ ਵਪਾਰ ਸਮਝੌਤਾ ਰੱਦ ਕਰਨ ਦੀ ਮੰਗ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੇ ਝੰਡੇ ਹੇਠਾਂ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਬਠਿੰਡਾ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਦੌਰਾਨ ਰਾਸ਼ਟਰਪਤੀ ਦੇ ਨਾਂਅ ਜਿਲ੍ਹਾ ਪ੍ਰਸ਼ਾਸ਼ਨ ਨੂੰ ਮੰਗ-ਪੱਤਰ ਸੌਂਪਿਆ ਗਿਆ | ਉਪਰੰਤ ਕਿਸਾਨਾਂ ਵਲੋਂ ਬੱਸ ਅੱਡੇ ਮੂਹਰੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪੁਤਲਾ ਸਾੜਿਆ ਗਿਆ | ਇਸ ਮੌਕੇ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ, ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਰੇਸ਼ਮ ਸਿੰਘ ਯਾਤਰੀ ਨੇ ਕਿਹਾ ਕਿ ਜਿਵੇਂ ਈਸਟ ਇੰਡੀਆ ਕੰਪਨੀ ਵਲੋਂ ਭਾਰਤ ਅੰਦਰ ਉਸ ਸਮੇਂ ਸਿਰਫ਼ ਵਪਾਰ ਕਰਨ ਲਈ ਇਜ਼ਾਜ਼ਤ ਲੈ ਕੇ ਪੂਰੇ ਦੇਸ਼ 'ਤੇ ਕਬਜ਼ਾ ਕਰਦਿਆਂ ਗੁਲਾਮ ਬਣਾ ਲਿਆ ਸੀ, ਜਿਸ ਤੋਂ ਆਜ਼ਾਦੀ ਲਈ ਲੱਖਾਂ ਭਾਰਤੀ ਮਰਜੀਵੜਿਆਂ ਨੂੰ ਸ਼ਹਾਦਤਾਂ ਦੇਣੀਆਂ ਪਈਆਂ ਸਨ, ਉਸੇ ਤਰ੍ਹਾਂ ਹੁਣ ਕੇਂਦਰ ਦੀ ਭਾਜਪਾ ਸਰਕਾਰ ਨੇ ਦੇਸ਼ ਨੂੰ ਗੁਲਾਮ ਬਣਾਉਣ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅੱਗੇ ਗੋਡੇ ਟੇਕ ਦਿੱਤੇ ਹਨ ਤੇ ਭਾਰਤ-ਅਮਰੀਕਾ ਵਪਾਰ ਸਮਝੌਤਾ ਕਰਕੇ ਦੇਸ਼ ਨੂੰ ਅਮਰੀਕਾ ਕੋਲ ਗਿਰਵੀ ਰੱਖਿਆ ਜਾ ਰਿਹਾ ਹੈ | ਇਸ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਅਮਰੀਕਾ ਦਾ ਉੱਚ-ਪੱਧਰੀ ਵਫ਼ਦ ਭਾਰਤ ਆ ਰਿਹਾ, ਜਿਸ ਦੇ ਵਿਰੋਧ 'ਚ ਅੱਜ ਸੰਯੁਕਤ ਕਿਸਾਨ ਮੋਰਚਾ ਵਲੋਂ ਦੇਸ਼ ਭਰ 'ਚ ਅਮਰੀਕੀ ਰਾਸ਼ਟਰਪਤੀ ਦੇ ਪੁਤਲੇ ਸਾੜੇ ਗਏ ਹਨ ਤੇ ਡਿਪਟੀ ਕਮਿਸ਼ਨਰਾਂ ਰਾਹੀਂ ਭਾਰਤ ਦੇ ਰਾਸ਼ਟਰਪਤੀ ਦੇ ਨਾਂਅ ਮੰਗ-ਪੱਤਰ ਭੇਜ ਕੇ ਇਸ ਸਮਝੌਤੇ 'ਚੋਂ ਖੇਤੀਬਾੜੀ, ਡੇਅਰੀ ਤੇ ਪੋਲਟਰੀ ਖੇਤਰ ਨੂੰ ਬਾਹਰ ਰੱਖਣ ਦੀ ਮੰਗ ਕੀਤੀ ਹੈ | ਉਨ੍ਹਾਂ ਚੇਤਾਵਨੀ ਦਿੰਦੇ ਕਿਹਾ ਕਿ ਜੇਕਰ ਸਮਝੌਤਾ 'ਚੋਂ ਉੱਕਤ ਖੇਤਰ ਬਾਹਰ ਨਾ ਰੱਖੇ ਗਏ ਜਾਂ ਹੋਰ ਲੋਕ ਮਾਰੂ ਸਮਝੌਤਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਕੁਲਵੰਤ ਸਿੰਘ ਨੇਹੀਂਆਂ ਵਾਲਾ, ਮੁਖਤਿਆਰ ਸਿੰਘ ਕੁੱਬੇ, ਗੁਰਮੇਲ ਸਿੰਘ ਲਹਿਰਾ, ਬਲਵਿੰਦਰ ਸਿੰਘ ਜੋਧਪੁਰ, ਜਸਵੀਰ ਸਿੰਘ ਗਹਿਰੀ, ਜਸਵਿੰਦਰ ਸਿੰਘ ਫੌਜੀ, ਅੰਗਰੇਜ਼ ਸਿੰਘ ਕਲਿਆਣ, ਬਲਵੰਤ ਸਿੰਘ ਜਿਉਣਵਾਲਾ, ਸੁਖਦੇਵ ਸਿੰਘ ਫੂਲ, ਭੋਲਾ ਸਿੰਘ ਕੋਟੜਾ, ਗੁਰਦੀਪ ਸਿੰਘ ਮਹਿਮਾ, ਹਰਭਜਨ ਮਹਿਤਾ, ਅਮਰਜੀਤ ਕੌਰ ਬੁਰਜ, ਪਰਮਜੀਤ ਕੌਰ ਮਹਿਮਾ ਅਤੇ ਕੁਲਵਿੰਦਰ ਕੌਰ ਮੌੜ ਨੇ ਵੀ ਸੰਬੋਧਨ ਕੀਤਾ |

ਪਿਛਲੀ ਖ਼ਬਰ ਜੀਤ ਮਹਿੰਦਰ ਸਿੰਘ ਸਿੱਧੂ ਕੋਟ ਫੱਤਾ ਦੇ ਵਸਨੀਕ ਤੇਜਵੀਰ ਢਿੱਲੋਂ ਦੇ ਘਰ ਦੁੱਖ ਪ੍ਰਗਟ ਕਰਨ ਪੁੱਜੇ <br/> ਅਗਲੀ ਖ਼ਬਰ ਡਿਲੀਵਰੀ ਬੁਆਏ ਦੀ ਆੜ 'ਚ ਨਸ਼ਾ ਤਸਕਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।