ਮਾਲਵਾ ਖੇਤਰ ਦੇ ਪੰਜ ਜ਼ਿਲਿਆਂ ’ਚ ਝੋਨੇ ਦੀ ਲੁਆਈ ਸ਼ੁਰੂ
ਅਜੀਤ ਡੈਸਕ
06-06-2026
ਬਠਿੰਡਾ, 5 ਜੂਨ (ਵੀਰਪਾਲ ਸਿੰਘ)-ਮਾਲਵੇ ਦੇ ਪੰਜ ਜ਼ਿਲਿਆ ਵਿਚ ਝੋਨੇ ਦੀ ਲੁਆਈ ਦਾ ਕੰਮ ਸ਼ੁਰੂ ਹੋ ਚੁੱਕਾ, ਪੰਜਾਬ ਸਰਕਾਰ ਨੇ ਬਠਿੰਡਾ ਸਮੇਤ ਮਾਲਵੇ ਦੇ 4 ਜ਼ਿਲਿ੍ਆਂ ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਫ਼ਿਰੋਜ਼ਪੁਰ ਤੇ ਫ਼ਾਜ਼ਿਲਕਾ ਵਿਚ ਝੋਨੇ ਦੀ ਲੁਆਈ ਲਈ 5 ਜੂਨ ਦੀ ਤਰੀਕ ਮਿਥੀ ਗਈ ਸੀ। ਇਨ੍ਹਾਂ 5 ਜ਼ਿਲਿ੍ਆਂ ਦੇ ਕਿਸਾਨਾਂ ਵਲੋਂ ਝੋਨੇ ਦੀਆਂ ਅਗੇਤੀਆਂ ਕਿਸਮਾਂ ਪੂਸਾ 144, ਪੀਲਾ ਪੂਸਾ, ਪੀ. ਆਰ. 212, ਪੀ. ਆਰ. 218 ਆਦਿ ਦੀਆਂ ਪਨੀਰੀਆਂ ਤਿਆਰ ਕਰ ਲਈਆਂ ਹਨ। ਮਾਲਵੇ ‘ਚ ਕੁਝ ਕਿਸਾਨਾਂ ਵਲੋਂ ਪੰਜਾਬ ਸਰਕਾਰ ਵਲੋਂ ਮਿਥੀ ਤਰੀਕ ਨੂੰ ਝੋਨੇ ਦੀ ਲੁਆਈ ਦਾ ਕੰਮ ਆਰੰਭ ਕਰ ਦਿੱਤਾ। ਬਠਿੰਡਾ ਦੇ ਗੋਨੇਆਣਾ ਰਕਬੇ ਤੇ ਫਰੀਦਕੋਟ ਦੇ ਪਿੰਡਾਂ ਵਿਚ ਕਿਸਾਨਾਂ ਵਲੋਂ ਝੋਨਾ ਲੁਆਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਲੰਘੇ 24 ਘੰਟੇ ਪਹਿਲਾਂ ਮਾਲਵੇ ਦੇ ਜ਼ਿਲਿ੍ਆਂ ਸਮੇਤ ਕਈ ਹੋਰ ਜ਼ਿਲਿ੍ਆਂ ਵਿਚ ਤੇਜ਼ ਝੱਖੜ ਤੇ ਹਨੇਰੀ ਚੱਲਣ ਕਾਰਨ ਦਰੱਖਤਾਂ ਦੇ ਡਿੱਗਣ ਕਾਰਣ ਅਨੇਕਾਂ ਥਾਵਾਂ ‘ਤੇ ਮੋਟਰਾਂ ਨੂੰ ਬਿਜਲੀ ਸਪਲਾਈ ਵਾਲੇ ਖੰਭੇ ਡਿੱਗਣ ਨਾਲ ਬਿਜਲੀ ਸਪਲਾਈ ਪ੍ਰਭਾਵਿਤ ਹੈ, ਜਿਸ ਕਾਰਨ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਚਾਲੂ ਕਰਨ ਲਈ ਕੁਝ ਸਮਾਂ ਲੱਗ ਸਕਦਾ ਹੈ। ਜਿਸ ਨਾਲ 5 ਜੂਨ ਤੋਂ ਝੋਨਾ ਲਗਾਉਣ ਲਈ ਕਿਸਾਨਾਂ ਨੂੰ ਆਪਣੇ ਖੇਤ ਵਿਚ ਪਾਣੀ ਭਰਨ ਵਿਚ ਕੁਝ ਦਿੱਕਤਾਂ ਆ ਸਕਦੀਆਂ ਹਨ। ਜਿਸ ਨਾਲ 5 ਜੂਨ ਤੋਂ ਝੋਨੇ ਦੀ ਲੁਆਈ ਦੀ ਰਫ਼ਤਾਰ ਧੀਮੀ ਰਹਿਣ ਦੀ ਸੰਭਾਵਨਾ ਰਹਿ ਸਕਦੀ ਹੈ। ਸੂਬਾ ਸਰਕਾਰ ਵਲੋਂ 8 ਘੰਟੇ ਬਿਜਲੀ ਸਪਲਾਈ ਦੀ ਪੂਰਤੀ ਲਈ ਪੰਜਾਬ ਵਿਚ ਝੋਨੇ ਦੀ ਲੁਆਈ ਨੂੰ ਜ਼ੋਨਾਂ ਵਿਚ ਵੰਡਿਆ ਗਿਆ। ਪਹਿਲੀ ਜ਼ੋਨ ਵਿਚ ਮਾਲਵੇ ਦੇ 5 ਜ਼ਿਲਿ੍ਹਆਂ ਅੰਦਰ ਝੋਨੇ ਦੀ ਲੁਆਈ ਦਾ ਕੰਮ ਸ਼ੁਰੂ ਹੋਣ ਦੇ ਬਾਅਦ ਮਾਨਸਾ, ਬਰਨਾਲਾ, ਮੋਗਾ, ਸੰਗਰੂਰ, ਜਲੰਧਰ, ਪਟਿਆਲਾ, ਮਲੇਰਕੋਟਲਾ, ਲੁਧਿਆਣਾ, ਕਪੂਰਥਲਾ, ਨਵਾਂ ਸ਼ਹਿਰ ਜ਼ਿਲਿ੍ਆਂ ਵਿਚ ਝੋਨੇ ਦੀ ਲੁਆਈ ਦਾ ਕੰਮ 9 ਜੂਨ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ।