ਰਾਮਾਂ ਮੰਡੀ, 10 ਜੂਨ (ਤਰਸੇਮ ਸਿੰਗਲਾ)- ਸਮਾਜ ਸੇਵਾ ਦੇ ਖੇਤਰ ਵਿਚ ਲਗਾਤਾਰ ਨਿਭਾਈਆਂ ਜਾ ਰਹੀਆਂ ਵਿਲੱਖਣ ਸੇਵਾਵਾਂ ਸਦਕਾ ਰਾਮਾਂ ਮੰਡੀ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਹੈਲਪ ਲਾਈਨ ਵੈੱਲਫ਼ੇਅਰ ਸੁਸਾਇਟੀ ਨੂੰ ਚੰਡੀਗੜ੍ਹ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ | ਹੈਲਪ ਲਾਈਨ ਵੈੱਲਫ਼ੇਅਰ ਸੁਸਾਇਟੀ ਪਿਛਲੇ ਕਈ ਸਾਲਾਂ ਤੋਂ ਖ਼ੂਨਦਾਨ ਕੈਂਪਾਂ, ਲੋੜਵੰਦ ਮਰੀਜ਼ਾਂ ਦੀ ਸਹਾਇਤਾ, ਸਮਾਜਿਕ ਭਲਾਈ ਕਾਰਜਾਂ, ਆਫ਼ਤਾਂ ਸਮੇਂ ਰਾਹਤ ਸੇਵਾਵਾਂ ਅਤੇ ਮਨੁੱਖਤਾ ਦੀ ਭਲਾਈ ਲਈ 24 ਘੰਟੇ ਤਤਪਰ ਰਹਿ ਕੇ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ | ਸੰਸਥਾ ਵਲੋਂ ਕੀਤੇ ਜਾ ਰਹੇ ਇਨ੍ਹਾਂ ਲੋਕ-ਭਲਾਈ ਕਾਰਜਾਂ ਨੂੰ ਦੇਖਦਿਆਂ ਗਲੋਬਲ ਸਿੱਖ ਸਮਿਟ ਨੇ ਟੀਮ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰਕੇ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ | ਇਸ ਮੌਕੇ ਹੈਲਪ ਲਾਈਨ ਵੈੱਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਬੌਬੀ ਲਹਿਰੀ ਨੇ ਸੁਸਾਇਟੀ ਦੀ ਤਰਫ਼ੋਂ ਇਸ ਸਨਮਾਨ ਨੂੰ ਪੂਰੀ ਟੀਮ ਅਤੇ ਸਮਾਜ ਸੇਵਾ ਨਾਲ ਜੁੜੇ ਹਰ ਸਾਥੀ ਦੀ ਮਿਹਨਤ ਦਾ ਨਤੀਜਾ ਦੱਸਿਆ | ਉਨ੍ਹਾਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਨੂੰ ਭਵਿੱਖ ਵਿਚ ਹੋਰ ਵੱਧ ਜੋਸ਼ ਅਤੇ ਸਮਰਪਣ ਨਾਲ ਮਨੁੱਖਤਾ ਦੀ ਸੇਵਾ ਕਰਨ ਲਈ ਪ੍ਰੇਰਿਤ ਕਰੇਗਾ | ਸੁਸਾਇਟੀ ਵਲੋਂ ਗਲੋਬਲ ਸਿੱਖ ਸਮਿਟ, ਰੁਪਿੰਦਰ ਸਿੰਘ ਸਿੱਧੂ (ਤਲਵੰਡੀ ਸਾਬੋ), ਗਗਨਦੀਪ ਬਹਿਣੀਵਾਲ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਸੰਸਥਾ ਦੀਆਂ ਸਮਾਜਿਕ ਸੇਵਾਵਾਂ ਨੂੰ ਮਾਣ ਬਖ਼ਸ਼ਦਿਆਂ ਇਹ ਸਨਮਾਨ ਪ੍ਰਦਾਨ ਕੀਤਾ | ਸੰਸਥਾ ਨੇ ਭਰੋਸਾ ਦਿੱਤਾ ਕਿ ਉਹ ਭਵਿੱਖ ਵਿਚ ਵੀ ਸਮਾਜ ਅਤੇ ਮਨੁੱਖਤਾ ਦੀ ਭਲਾਈ ਲਈ ਆਪਣੀਆਂ ਸੇਵਾਵਾਂ ਨਿਰੰਤਰ ਜਾਰੀ ਰੱਖੇਗੀ |