ਤਲਵੰਡੀ ਸਾਬੋ, 10 ਜੂਨ (ਰਣਜੀਤ ਸਿੰਘ ਰਾਜੂ)- ਗਰਮੀ ਦੇ ਮੌਸਮ ਦੌਰਾਨ ਕੁਝ ਗੁਰਦੁਆਰਾ ਸਾਹਿਬਾਨ ਵਿਖੇ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦੀਆਂ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਨੂੰ ਮੁੱਖ ਰੱਖਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਸ਼ਾਰਟ ਸਰਕਟ ਘਟਨਾਵਾਂ ਦੀ ਰੋਕਥਾਮ ਲਈ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਗ੍ਰੰਥੀ ਸਿੰਘਾਂ ਅਤੇ ਸੰਗਤ ਲਈ ਕੁਝ ਨਿਰਦੇਸ਼ ਜਾਰੀ ਕੀਤੇ ਹਨ | ਜ਼ਿਲ੍ਹਾ ਬਰਨਾਲਾ ਦੇ ਪਿੰਡ ਮੂੰਮ ਵਿਖੇ ਸਥਿਤ ਗੁਰਦੁਆਰਾ ਆਕੀਗੜ੍ਹ ਸਾਹਿਬ ਵਿਚ ਸ਼ਾਰਟ ਸਰਕਟ ਕਾਰਨ ਵਾਪਰੀ ਅੱਗ ਲੱਗਣ ਦੀ ਘਟਨਾ 'ਤੇ ਡੂੰਘੇ ਦੁੱਖ ਅਤੇ ਚਿੰਤਾ ਦਾ ਪ੍ਰੈੱਸ ਬਿਆਨ ਰਾਹੀਂ ਪ੍ਰਗਟਾਵਾ ਕਰਦਿਆਂ ਸਿੰਘ ਸਾਹਿਬ ਨੇ ਕਿਹਾ ਕਿ ਅਜਿਹੀਆਂ ਦੁਰਘਟਨਾਵਾਂ ਲਾਪ੍ਰਵਾਹੀ ਅਤੇ ਬਿਜਲੀ ਦੇ ਉਪਕਰਨਾਂ ਦੇ ਗਰਮ ਹੋਣ ਕਾਰਨ ਵਾਪਰ ਰਹੀਆਂ ਹਨ | ਉਨ੍ਹਾਂ ਨੇ ਵਿਸ਼ੇਸ਼ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਤੋਂ ਬਿਜਲਈ ਪੱਖਿਆਂ ਨੂੰ ਉਚਿੱਤ ਦੂਰੀ 'ਤੇ ਰੱਖਿਆ ਜਾਵੇ ਕਿਉਂਕਿ ਲਗਾਤਾਰ ਚੱਲਣ ਕਾਰਨ ਇਹ ਪੱਖੇ ਗਰਮ ਹੋ ਕੇ ਅੱਗ ਲੱਗਣ ਦਾ ਕਾਰਨ ਬਣਦੇ ਹਨ, ਪਾਵਨ ਸਰੂਪ ਦੇ ਬਿਲਕੁਲ ਨਜ਼ਦੀਕ ਤੇਜ਼ ਰੌਸ਼ਨੀ ਵਾਲੇ ਬਲੱਬ ਵੀ ਨਾ ਲਗਾਏ ਜਾਣ, ਕਿਉਂਕਿ ਬਲੱਬਾਂ ਦੀ ਗਰਮੀ ਕਰਕੇ ਵੀ ਸ਼ਾਰਟ ਸਰਕਟ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ | ਉਨ੍ਹਾਂ ਕਿਹਾ ਕਿ ਸਮੂਹ ਪ੍ਰਬੰਧਕ ਤੁਰੰਤ ਗੁਰਦੁਆਰਾ ਸਾਹਿਬ ਦੀ ਬਿਜਲੀ ਫਿਟਿੰਗ ਦੀ ਜਾਂਚ ਕਰਵਾਉਣ ਅਤੇ ਕਮਜ਼ੋਰ ਜਾਂ ਨੰਗੀਆਂ ਤਾਰਾਂ ਨੂੰ ਤੁਰੰਤ ਬਦਲਣ | ਇਸ ਤੋਂ ਇਲਾਵਾ ਸੱਚਖੰਡ ਸਾਹਿਬ ਅੰਦਰ ਵਿਸ਼ੇਸ਼ ਕਰਕੇ ਬਿਜਲੀ ਉਪਕਰਨਾਂ ਦੀ ਨਿਰੰਤਰ ਨਿਗਰਾਨੀ ਯਕੀਨੀ ਬਣਾਈ ਜਾਵੇ |