ਮਹਿਮਾ ਸਰਜਾ, 11 ਜੂਨ (ਬਲਦੇਵ ਸੰਧੂ)- ਗੋਨਿਆਣਾ ਖੇਤਰ ਦੇ ਪਿੰਡਾਂ ਵਿਚ ਅੱਜ ਕੜਾਕੇ ਦੀ ਗਰਮੀ ਤੋਂ ਉਸ ਵੇਲੇ ਵੱਡੀ ਰਾਹਤ ਮਿਲੀ ਜਦੋਂ ਪਿੰਡ ਮਹਿਮਾ ਸਰਜਾ, ਮਹਿਮਾ ਸਵਾਈ, ਮਹਿਮਾ ਸਰਕਾਰੀ, ਦਾਨ ਸਿੰਘ ਵਾਲਾ ਬਲਾਹੜ ਮਹਿਮਾ, ਕੋਠੇ ਇੰਦਰ ਸਿੰਘ ਵਾਲਾ ਵਿਖੇ ਤੇਜ਼ ਹਨੇਰੀ, ਮੀਂਹ ਅਤੇ ਗੜਿਆਂ ਨੇ ਜ਼ੋਰਦਾਰ ਦਸਤਕ ਦਿੱਤੀ | ਕਈ ਦਿਨਾਂ ਤੋਂ ਅੱਤ ਦੀ ਗਰਮੀ ਅਤੇ ਹੁੰਮਸ ਦੀ ਮਾਰ ਝੱਲ ਰਹੇ ਲੋਕਾਂ ਲਈ ਇਹ ਵਰਖਾ ਰਾਹਤ ਦਾ ਵੱਡਾ ਸੁਨੇਹਾ ਲੈ ਕੇ ਆਈ ਹੈ | ਤੇਜ਼ ਹਵਾਵਾਂ ਤੋਂ ਬਾਅਦ ਮੌਸਮ ਦਾ ਮਿਜ਼ਾਜ ਪੂਰੀ ਤਰ੍ਹਾਂ ਬਦਲ ਗਿਆ | ਹਲਕੀ ਗੜੇਮਾਰੀ ਅਤੇ ਮੂਲੇਧਾਰ ਬਾਰਿਸ਼ ਹੋਈ | ਜਿਸ ਨਾਲ ਅੱਜ ਤਾਪਮਾਨ ਵਿਚ ਵੱਡੀ ਗਿਰਾਵਟ ਦਰਜ ਕੀਤੀ ਗਈ | ਸਵੇਰੇ ਤਾਪਮਾਨ 44 ਡਿਗਰੀ ਸੈਲਸੀਅਸ ਤੱਕ ਪਹੁੰਚਿਆ ਪਾਰਾ ਘੱਟ ਕੇ 26 ਤੋਂ 33 ਡਿਗਰੀ ਸੈਲਸੀਅਸ ਤੱਕ ਆ ਗਿਆ | ਇਸ ਨਾਲ ਲੋਕਾਂ ਨੇ ਤਪਦੀ ਧੁੱਪ ਅਤੇ ਹੰੁਮਸ ਭਰੇ ਮੌਸਮ ਤੋਂ ਸੁਖ ਦਾ ਸਾਹ ਲਿਆ | ਬਾਜ਼ਾਰਾਂ ਵਿਚ ਵੀ ਰੌਣਕ ਵਾਪਸ ਪਰਤੀ ਅਤੇ ਲੋਕ ਘਰਾਂ ਤੋਂ ਬਾਹਰ ਨਿਕਲ ਕੇ ਠੰਢੀ ਹਵਾ ਦਾ ਆਨੰਦ ਮਾਣਦੇ ਨਜ਼ਰ ਆਏ | ਕਿਸਾਨਾਂ ਲਈ ਵੀ ਇਹ ਮੀਂਹ ਕਿਸੇ ਵਰਦਾਨ ਤੋਂ ਘੱਟ ਨਹੀਂ | ਮਹਿਮਾ ਸਵਾਈ ਦੇ ਕਿਸਾਨ ਗੁਰਸੇਵਕ ਸਿੰਘ ਬਰਾੜ (ਬਾਬੇ ਕਾ) ਅਤੇ ਲਖਵੀਰ ਸਿੰਘ ਬਰਾੜ ਨੇ ਦੱਸਿਆ ਕਿ ਝੋਨੇ ਦੀ ਲਵਾਈ ਕਰ ਰਹੇ ਮਜ਼ਦੂਰ ਭਿਆਨਕ ਗਰਮੀ ਕਾਰਨ ਪ੍ਰੇਸ਼ਾਨ ਸਨ, ਜਦਕਿ ਸਬਜ਼ੀਆਂ ਅਤੇ ਪਸ਼ੂਆਂ ਦਾ ਚਾਰਾ ਵੀ ਗਰਮੀ ਨਾਲ ਪ੍ਰਭਾਵਿਤ ਹੋ ਰਿਹਾ ਸੀ | ਉਨ੍ਹਾਂ ਕਿਹਾ ਕਿ ਇਸ ਵਰਖਾ ਨਾਲ ਫ਼ਸਲਾਂ, ਪਸ਼ੂਆਂ ਅਤੇ ਆਮ ਲੋਕਾਂ ਨੂੰ ਭਾਰੀ ਰਾਹਤ ਮਿਲੀ ਹੈ | ਨਰਮੇ ਦੀ ਫ਼ਸਲ ਨੂੰ ਵੀ ਨਮੀ ਮਿਲਣ ਨਾਲ ਵਾਧਾ ਹੋਣ ਦੀ ਉਮੀਦ ਹੈ | ਉੱਧਰ ਪਾਵਰਕੌਮ ਦੇ ਸਬ ਡਿਵੀਜ਼ਨ ਗੋਨਿਆਣਾ ਦੇ ਐਸਡੀਓ ਕੇਵਲ ਸੇਠੀ ਨੇ ਦੱਸਿਆ ਕਿ ਅੱਤ ਦੀ ਗਰਮੀ ਕਾਰਨ ਗਰਿੱਡਾਂ ਉੱਪਰ ਬਿਜਲੀ ਦਾ ਲੋਡ ਲਗਾਤਾਰ ਵੱਧ ਰਿਹਾ ਸੀ | ਤਾਪਮਾਨ ਘਟਣ ਨਾਲ ਬਿਜਲੀ ਦੀ ਮੰਗ ਵਿਚ ਕਮੀ ਆਉਣ ਦੀ ਸੰਭਾਵਨਾ ਹੈ, ਜਿਸ ਨਾਲ ਬਿਜਲੀ ਪ੍ਰਬੰਧਨ ਨੂੰ ਵੀ ਰਾਹਤ ਮਿਲੇਗੀ |