ਬਠਿੰਡਾ, 11 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਦੀ ਇਕ ਮੈਡੀਕਲ ਯੂਨੀਵਰਸਿਟੀ ਨਾਲ ਸਬੰਧਿਤ ਜਾਅਲੀ ਡਿਗਰੀਆਂ ਅਤੇ ਸਰਟੀਫਿਕੇਟ ਬਣਾਉਣ ਦੇ ਛੇ ਸਾਲ ਪੁਰਾਣੇ ਮਾਮਲੇ ਦਾ ਨਿਪਟਾਰਾ ਕਰਦਿਆਂ ਅਦਾਲਤ ਨੇ ਅੱਧੀ ਦਰਜਨ ਵਿਅਕਤੀਆਂ ਨੂੰ ਬਰੀ ਕਰਨ ਦਾ ਫ਼ੈਸਲਾ ਸੁਣਾਇਆ ਹੈ | ਜਾਣਕਾਰੀ ਅਨੁਸਾਰ ਥਾਣਾ ਕੈਂਟ ਦੀ ਪੁਲਿਸ ਵਲੋਂ ਉੱਕਤ ਯੂਨੀਵਰਸਿਟੀ ਦੇ ਰਜਿਸਟਰਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਯੂਨੀਵਰਸਿਟੀ ਵਿਚ ਬੈਚਲਰ ਆਫ਼ ਡੈਂਟਲ ਸਰਜਰੀ ਦਾ ਕੋਰਸ ਕਰਨ ਸੰਬੰਧੀ ਮਾਰਕਸ਼ੀਟਾਂ, ਡਿਗਰੀ ਤੇ ਮਾਈਗ੍ਰੇਸ਼ਨ ਸਰਟੀਫਿਕੇਟ ਜਾਅਲੀ ਪਾਏ ਜਾਣ ਸੰਬੰਧੀ ਯਸ਼ਵੀਰ ਸਿੰਘ ਵਾਸੀ ਨਾਰਨੌਦ, ਬਿ੍ਜ਼ੇਸ਼ ਸਿੰਘ, ਵਿਕਾਸ ਬਿਸ਼ਨੋਈ, ਭਾਰਤ ਕੁਮਾਰ, ਅਸ਼ੋਕ ਕੁਵਾਤਰਾ ਤੇ ਮੁਲਤਾਨ ਸਿੰਘ 'ਤੇ 9 ਅਕਤੂਬਰ 2020, ਧਾਰਾ 420, 465, 468, 471, 473, 120-ਬੀ ਆਈ.ਪੀ.ਸੀ. ਤਹਿਤ ਦਰਜ ਕੀਤਾ ਗਿਆ ਸੀ | ਇਹ ਕੇਸ ਏ.ਸੀ.ਜੇ.ਐਮ. ਬਠਿੰਡਾ ਦੀ ਅਦਾਲਤ ਵਿਚ ਚੱਲ ਰਿਹਾ ਸੀ, ਜਿਸ ਦਾ ਅਦਾਲਤ ਨੇ ਨਿਪਟਾਰਾ ਕਰਦਿਆਂ ਬਚਾਅ ਪੱਖ ਦੇ ਵਕੀਲ ਸੰਜੀਵ ਕੁਮਾਰ ਗੁਪਤਾ (ਰਾਮਾਂ ਮੰਡੀ) ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ, ਇਸ ਮਾਮਲੇ 'ਚੋਂ ਯਸ਼ਵੀਰ ਸਿੰਘ ਵਾਸੀ ਨਾਰਨੌਦ ਨੰੂ ਬਾਇੱਜ਼ਤ ਬਰੀ ਕਰ ਦਿੱਤਾ ਹੈ | ਇਸ ਤੋਂ ਇਲਾਵਾ ਬਾਕੀ ਪੰਜ ਜਣਿਆਂ ਨੂੰ ਵੀ ਉਨ੍ਹਾਂ ਦੇ ਵਕੀਲਾਂ ਵਲੋਂ ਦਿੱਤੀਆਂ ਦਲੀਲਾਂ ਦੇ ਆਧਾਰ 'ਤੇ ਅਦਾਲਤ ਨੇ ਬਰੀ ਕਰ ਦਿੱਤਾ ਹੈ |