ਸੰਗਤ ਮੰਡੀ, 11 ਜੂਨ (ਅੰਮਿ੍ਤਪਾਲ ਸ਼ਰਮਾ)- ਪਿੰਡ ਸੰਗਤ ਕਲਾਂ ਦੀ ਓਮ ਸੰਨਜ਼ ਫ਼ੈਕਟਰੀ ਵਿਖੇ ਭਿਆਨਕ ਗਰਮੀ ਦੇ ਕਹਿਰ ਨੂੰ ਦੇਖਦਿਆਂ ਮਾਨਵਤਾ ਦੀ ਸੇਵਾ ਹਿਤ ਠੰਡੇ ਅਤੇ ਮਿੱਠੇ ਜਲ ਦੀ ਛਬੀਲ ਲਗਾਈ ਗਈ | ਡਾਇਰੈਕਟਰ ਧਰਮਪਾਲ ਸਿੰਘ ਨੇ ਦੱਸਿਆ ਕਿ ਅੱਜ-ਕੱਲ੍ਹ ਪੈ ਰਹੀ ਅੱਤ ਦੀ ਗਰਮੀ ਅਤੇ ਤੇਜ਼ ਲੂ ਚੱਲਣ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ | ਅਜਿਹੇ ਤਪਦੇ ਮੌਸਮ ਵਿਚ ਰਾਹਗੀਰਾਂ ਅਤੇ ਮਿਹਨਤਕਸ਼ ਲੋਕਾਂ ਨੂੰ ਰਾਹਤ ਦੇਣ ਲਈ ਫ਼ੈਕਟਰੀ ਪ੍ਰਬੰਧਕਾਂ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਛਬੀਲ ਦੌਰਾਨ ਉੱਥੋਂ ਲੰਘਣ ਵਾਲੇ ਸਾਰੇ ਰਾਹਗੀਰਾਂ, ਵਾਹਨ ਚਾਲਕਾਂ ਅਤੇ ਫ਼ੈਕਟਰੀ ਵਿਚ ਦਿਨ-ਰਾਤ ਮਿਹਨਤ ਕਰਨ ਵਾਲੀ ਮਜ਼ਦੂਰਾਂ ਅਤੇ ਮੁਲਾਜ਼ਮਾਂ ਵਲੋਂ ਠੰਡੇ-ਮਿੱਠੇ ਜਲ ਨਾਲ ਆਪਣੀ ਪਿਆਸ ਬੁਝਾਈ ਗਈ ਅਤੇ ਗਰਮੀ ਤੋਂ ਵੱਡੀ ਰਾਹਤ ਮਹਿਸੂਸ ਕੀਤੀ | ਫ਼ੈਕਟਰੀ ਦੇ ਕਾਮਿਆਂ ਨੇ ਪ੍ਰਬੰਧਕਾਂ ਦੇ ਇਸ ਨੇਕ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਫ਼ੈਕਟਰੀ ਦੇ ਉੱਚ ਅਧਿਕਾਰੀ ਪੈ੍ਰਜ਼ੀਡੈਂਟ ਆਰ. ਡੀ. ਅਗਰਵਾਲ ਅਤੇ ਐਚ.ਆਰ. ਗੁਰਵਿੰਦਰ ਸਿੰਘ ਢਿੱਲੋਂ, ਡਾਇਰੈਕਟਰ ਧਰਮਪਾਲ ਸਿੰਘ, ਅੰਕੁਰ ਸੇਠੀ ਸਮੇਤ ਸਮੂਹ ਸਟਾਫ਼ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਫ਼ੈਕਟਰੀ ਪ੍ਰਬੰਧਕਾਂ ਅਤੇ ਸਮੂਹ ਸਟਾਫ਼ ਵਲੋਂ ਇਸ ਸੇਵਾ ਕਾਰਜ ਵਿਚ ਪੂਰੀ ਤਨਦੇਹੀ ਨਾਲ ਸੇਵਾ ਨਿਭਾਈ ਗਈ | ਫ਼ੈਕਟਰੀ ਪ੍ਰਬੰਧਕਾਂ ਨੇ ਆਖਿਆ ਕਿ ਅਜਿਹੀ ਭਿਆਨਕ ਗਰਮੀ ਵਿਚ ਪਿਆਸੇ ਨੂੰ ਪਾਣੀ ਪਿਲਾਉਣਾ ਸਭ ਤੋਂ ਵੱਡਾ ਪੁੰਨ ਦਾ ਕਾਰਜ ਹੈ ਅਤੇ ਉਹ ਭਵਿੱਖ ਵਿਚ ਵੀ ਅਜਿਹੇ ਲੋਕ-ਭਲਾਈ ਦੇ ਕੰਮ ਨਿਰੰਤਰ ਜਾਰੀ ਰੱਖਣਗੇ | ਪੂਰਾ ਪ੍ਰੋਗਰਾਮ ਸ਼ਾਂਤੀਪੂਰਵਕ ਅਤੇ ਸੇਵਾ ਭਾਵਨਾ ਨਾਲ ਸੰਪੰਨ ਹੋਇਆ |