28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਗੁੜਗਾਉਂ ਦੀ ਸਰਵੇਖਣ ਕੰਪਨੀ ਪੰਜਾਬੀਆਂ ਦੀ ਨਬਜ਼ ਟੋਹਣ ਲੱਗੀ <br/>

ਅਜੀਤ ਡੈਸਕ 17-06-2026
ਸੰਗਤ ਮੰਡੀ, 16 ਜੂਨ (ਅੰਮਿ੍ਤਪਾਲ ਸ਼ਰਮਾ)- ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਗੁੜਗਾਉਂ ਦੀ ਸਰਵੇਖਣ ਕੰਪਨੀ ਵਲੋਂ ਪੰਜਾਬ ਦੇ ਲੋਕਾਂ ਦਾ ਰੁਖ ਜਾਣਨ ਲਈ ਕੰਪਨੀ ਦੇ ਮੁਲਾਜ਼ਮ ਨੌਜਵਾਨ ਮੁੰਡੇ ਕੁੜੀਆਂ ਦੀ ਫ਼ੌਜ ਪੰਜਾਬ ਅੰਦਰ ਉਤਾਰੀ ਗਈ ਹੈ | ਜਾਣਕਾਰੀ ਅਨੁਸਾਰ ਗੁੜਗਾਉਂ ਦੀ ਸਰਵੇਖਣ ਕੰਪਨੀ ਪੀ.ਆਰ.ਏ.ਸੀ. ਰਿਸਰਚ ਐਂਡ ਕਨਸਲਟਿੰਗ ਪ੍ਰਾਈਵੇਟ ਲਿਮਟਿਡ ਵਲੋਂ ਇਹ ਸਰਵੇਖਣ ਕਰਵਾਇਆ ਜਾ ਰਿਹਾ ਹੈ | ਕੰਪਨੀ ਦੀ ਮੁਲਾਜ਼ਮ ਇਕ ਲੜਕੀ ਨੇ ਆਪਣਾ ਨਾਮ ਨਾਂ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਕਿਹੜੀ ਰਾਜਨੀਤਕ ਪਾਰਟੀ ਵਲੋਂ ਇਹ ਸਰਵੇਖਣ ਕਰਵਾਇਆ ਜਾ ਰਿਹਾ ਹੈ, ਇਸ ਦਾ ਕੰਪਨੀ ਦੇ ਮੁਲਾਜ਼ਮਾਂ ਨੂੰ ਕੁੱਝ ਵੀ ਪਤਾ ਨਹੀਂ ਹੁੰਦਾ ਪ੍ਰੰਤੂ ਸਿਰਫ਼ ਪਿੰਡਾਂ ਅੰਦਰ ਜਾ ਕੇ ਹੀ ਲੋਕਾਂ ਤੋਂ ਸਵਾਲ ਪੁੱਛਣ ਲਈ ਉਨ੍ਹਾਂ ਨੂੰ ਭੇਜਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਦਿੱਲੀ, ਗੁਜਰਾਤ, ਹਰਿਆਣਾ, ਰਾਜਸਥਾਨ, ਹਿਮਾਚਲ, ਆਸਾਮ, ਉਤਰਾਂਚਲ, ਪੱਛਮੀ ਬੰਗਾਲ ਸਮੇਤ ਹੋਰਨਾ ਸੂਬਿਆਂ ਅੰਦਰ ਵੀ ਇਸ ਤਰ੍ਹਾਂ ਦੇ ਸਰਵੇਖਣ ਕਰ ਚੁੱਕੇ ਹਨ | ਉਨ੍ਹਾਂ ਦੇ ਸਵਾਲਾਂ 'ਚ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ਵਿਚੋਂ ਕਿਸ ਨੂੰ ਲੋਕ ਪਸੰਦ ਕਰਦੇ ਹਨ, ਕਿਹੜੀ ਪਾਰਟੀ ਲੋਕਾਂ ਨੂੰ ਵੱਧ ਪਸੰਦ ਹੈ ਅਤੇ ਕਿਸ ਪਾਰਟੀ ਨੂੰ ਪਹਿਲਾਂ ਵੋਟ ਪਾਈ ਸੀ ਅਤੇ ਹੁਣ ਕਿਸ ਪਾਰਟੀ ਵੱਲ ਰੁਝਾਨ ਹੈ, ਵਰਗੇ ਸਵਾਲ ਪੁੱਛੇ | ਉਨ੍ਹਾਂ ਪੁੱਛਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਕੰਮਾਂ ਤੋਂ ਸੰਤੁਸ਼ਟ ਹੋ ਜਾਂ ਨਹੀਂ, ਪੰਜਾਬ ਅੰਦਰ ਨਸ਼ੇ ਘੱਟ ਹੋਏ ਜਾਂ ਨਹੀਂ ਅਤੇ ਭਿ੍ਸ਼ਟਾਚਾਰ ਆਦਿ ਬਾਰੇ ਕਈ ਤਰ੍ਹਾਂ ਦੇ ਸਵਾਲ ਕੀਤੇ | ਪੰਜਾਬ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਸੁਖਵਿੰਦਰ ਸਿੰਘ ਰੰਧਾਵਾ ਅਤੇ ਪਾਰਟੀ ਦੀ ਕਾਰਜਸ਼ੈਲੀ ਬਾਰੇ ਵੀ ਸਵਾਲ ਕੀਤੇ | ਉਨ੍ਹਾਂ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਬਾਰੇ ਵੀ ਇਸੇ ਤਰ੍ਹਾਂ ਦੇ ਸਵਾਲ ਪੁੱਛੇ ਅਤੇ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਸਾਂਸਦ ਅੰਮਿ੍ਤਪਾਲ ਸਿੰਘ, ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਤੋਂ ਇਲਾਵਾ ਕੇਂਦਰ ਅਤੇ ਪੰਜਾਬ ਸਰਕਾਰ ਦੇ ਕੰਮਾਂ ਤੋਂ ਸੰਤੁਸ਼ਟੀ ਬਾਰੇ ਵੀ ਸਵਾਲ ਕੀਤੇ | ਆਪਣੇ ਮੋਬਾਈਲ ਫ਼ੋਨਾਂ ਵਿਚ ਪਹਿਲਾਂ ਤੋਂ ਹੀ ਫੀਡ ਡਾਟੇ ਅਨੁਸਾਰ ਕੰਪਨੀ ਦੇ ਮੁਲਾਜ਼ਮਾਂ ਵਲੋਂ ਪੁੱਛੇ ਇਹ ਸਵਾਲ ਉਹ 'ਟਿੱਕ' ਕਰਕੇ ਆਪਣੇ ਨਾਲ ਲੈ ਗਏ, ਪ੍ਰੰਤੂ ਕਿਸ ਰਾਜਨੀਤਕ ਪਾਰਟੀ ਵਲੋਂ ਇਹ ਸਰਵੇਖਣ ਕਰਵਾਇਆ ਜਾ ਰਿਹਾ ਹੈ, ਇਹ ਪਤਾ ਨਹੀਂ ਲੱਗ ਸਕਿਆ |

ਪਿਛਲੀ ਖ਼ਬਰ ਕਾਰ ਦੀ ਟੱਕਰ ਨਾਲ ਬਜ਼ੁਰਗ ਰਿਕਸ਼ਾ ਚਾਲਕ ਗੰਭੀਰ ਜ਼ਖਮੀ ਅਗਲੀ ਖ਼ਬਰ ਸਰਨਾ ਤੇ ਜੀ.ਕੇ. ਵੱਲੋਂ ਅਪੀਲ, 'ਗੁਰੂ ਦੋਖੀ' ਭਗਵੰਤ ਮਾਨ ਦਾ ਹੋਵੇ 'ਮੁਕੰਮਲ ਬਾਈਕਾਟ' <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।