ਸੰਗਤ ਮੰਡੀ, 16 ਜੂਨ (ਅੰਮਿ੍ਤਪਾਲ ਸ਼ਰਮਾ)- ਸੰਗਤ ਮੰਡੀ ਇਲਾਕੇ ਦੇ ਖੇਤਾਂ 'ਚ ਲੱਗੀਆਂ ਮੋਟਰਾਂ 'ਤੇ ਨਿੱਤ ਦਿਹਾੜੇ ਹੁੰਦੀਆਂ ਚੋਰੀਆਂ ਤੋਂ ਬਾਅਦ ਹੁਣ ਚਾਰੇ ਪਾਸਿਆਂ ਤੋਂ ਬੰਦ ਕਾਲੋਨੀ ਵਾਸੀਆਂ ਵਲੋਂ ਰੱਖੇ ਚੌਕੀਦਾਰ ਹੁੰਦੇ ਵੀ ਉਹ ਸੁਰੱਖਿਅਤ ਨਹੀਂ ਰਹੇ | ਸੰਗਤ ਮੰਡੀ ਵਾਸੀਆਂ 'ਚ ਚੋਰਾਂ ਦਾ ਖ਼ੌਫ਼ ਵਧ ਰਿਹਾ ਹੈ | ਪਿਛਲੇ ਕਈ ਦਿਨਾਂ ਤੋਂ ਚੋਰ ਸਥਾਨਕ ਮੰਡੀ ਦੀਆਂ ਗਲੀਆਂ, ਮੁਹੱਲਿਆਂ 'ਚ ਬਿਨਾਂ ਕਿਸੇ ਡਰ ਦੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ, ਪ੍ਰੰਤੂ ਪੁਲਿਸ ਵਲੋਂ ਅਜੇ ਤੱਕ ਕਿਸੇ ਵੀ ਚੋਰ ਨੂੰ ਕਾਬੂ ਨਹੀਂ ਕੀਤਾ ਜਾ ਸਕਿਆ | ਜਦੋਂ ਕਿ ਚੋਰਾਂ ਦੀਆਂ ਲੋਕਾਂ ਦੇ ਘਰਾਂ 'ਚ ਵੜਦਿਆਂ ਦੀਆਂ ਅਤੇ ਗਲੀਆਂ 'ਚ ਘੁੰਮਦਿਆਂ ਦੀਆਂ ਸੀ.ਸੀ.ਟੀ.ਵੀ. ਫੁਟੇਜ਼ ਉਨ੍ਹਾਂ ਨੂੰ ਮਿਲ ਚੁੱਕੀਆਂ ਹਨ | ਮੰਡੀ ਵਾਸੀ ਪੁਲਿਸ ਤੋਂ ਸੁਰੱਖਿਆ ਦੀ ਉਮੀਦ ਛੱਡ ਕੇ ਆਪਣੇ ਘਰਾਂ 'ਚ ਸੀ.ਸੀ.ਟੀ.ਵੀ. ਕੈਮਰੇ ਲਗਵਾਉਣ ਅਤੇ ਗੇਟ, ਕੰਧਾਂ ਉੱਚੀਆਂ ਕਰਾਉਣ ਨੂੰ ਪਹਿਲ ਦੇਣ ਲੱਗੇ ਹਨ | ਸਥਾਨਕ ਉਮੈਦਪੁਰੀ ਕਾਲੋਨੀ ਵਾਸੀ ਰਾਜਿੰਦਰ ਕੁਮਾਰ ਬਿੱਟੂ ਨੇ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਦੇ ਘਰ ਮੂਹਰੇ ਖੜੇ ਉਸ ਦੇ ਮੋਟਰਸਾਈਕਲ ਨੂੰ ਚੋਰ ਕਾਲੋਨੀ ਦੇ ਚਾਰੇ ਪਾਸੇ ਬਣੀ ਕੰਧ ਉੱਤੋਂ ਦੀ ਚੋਰੀ ਕਰਕੇ ਲੈ ਗਏ ਅਤੇ ਪਹਿਰੇਦਾਰ ਬਾਹਰ ਗੇਟ 'ਤੇ ਬੈਠਾ ਰਹਿ ਗਿਆ | ਉਨ੍ਹਾਂ ਦੱਸਿਆ ਕਿ ਚੋਰਾਂ ਦੀ ਸੀ.ਸੀ.ਟੀ.ਵੀ. ਫੁਟੇਜ਼ ਥਾਣਾ ਸੰਗਤ ਵਿਖੇ ਦਿੱਤੀ ਗਈ ਸੀ, ਪ੍ਰੰਤੂ ਅਜੇ ਤੱਕ ਚੋਰ ਪੁਲਿਸ ਦੀ ਪਹੁੰਚ ਤੋਂ ਦੂਰ ਹਨ | ਇਸ ਬਾਰੇ ਥਾਣਾ ਮੁਖੀ ਇੰਸਪੈਕਟਰ ਸੁਖਵਿੰਦਰ ਸਿੰਘ ਬਰਾੜ ਨਾਲ ਕਈ ਵਾਰ ਫ਼ੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਉਨ੍ਹਾਂ ਫ਼ੋਨ ਨਹੀਂ ਚੁੱਕਿਆ |
ਸੰਗਤ ਮੰਡੀ ਵਾਸੀਆਂ 'ਚ ਚੋਰਾਂ ਦਾ ਖ਼ੌਫ਼ ਵਧਿਆ
ਅਜੀਤ ਡੈਸਕ
17-06-2026