ਬਠਿੰਡਾ, 16 ਜੂਨ (ਸੱਤਪਾਲ ਸਿੰਘ ਸਿਵੀਆਂ)-ਥਰਮਲ ਪਲਾਂਟ ਕਰਮਚਾਰੀ ਸੰਘ ਪੰਜਾਬ ਵਲੋਂ ਭਖਦੀਆਂ ਮੰਗਾਂ ਨੂੰ ਲੈ ਕੇ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕਾਮ) ਦੇ ਪ੍ਰਬੰਧਕਾਂ ਨਾਲ ਅਹਿਮ ਮੀਟਿੰਗ ਕੀਤੀ ਗਈ | ਕਰਮਚਾਰੀ ਸੰਘ ਦੇ ਪ੍ਰਧਾਨ ਭਗਵਾਨ ਸਿੰਘ, ਜਨਰਲ ਸਕੱਤਰ ਹਰਪ੍ਰੀਤ ਸਿੰਘ ਰੋਮਾਣਾ, ਖ਼ਜ਼ਾਨਚੀ ਅਜੀਤ ਸਿੰਘ ਅਤੇ ਪੈੱ੍ਰਸ ਸਕੱਤਰ ਜਸਵਿੰਦਰ ਸਿੰਘ ਜੱਸੀ ਨੇ ਦੱਸਿਆ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪਾਵਰਕਾਮ ਪ੍ਰਬੰਧਕਾਂ ਨਾਲ ਹੋਈ ਮੀਟਿੰਗ ਦੌਰਾਨ ਮੁੱਖ ਤੌਰ 'ਤੇ ਥਰਮਲ ਪਲਾਂਟ ਕਰਮਚਾਰੀਆਂ ਨੂੰ ਪਾਵਰਕਾਮ ਦੇ ਸਰਕਾਰੀ ਰੋਲ 'ਤੇ ਲਿਆਉਣ ਸੰਬੰਧੀ ਨੋਟੀਫ਼ਿਕੇਸ਼ਨ ਜਾਰੀ ਕਰਨ ਦਾ ਮਾਮਲਾ ਉਠਾਇਆ ਗਿਆ, ਜਿਸ 'ਤੇ ਹੋਈ ਲੰਬੀ ਚਰਚਾ ਬਾਅਦ ਵਿੱਤ ਮੰਤਰੀ ਨੇ ਭਰੋਸਾ ਦਿੱਤਾ ਕਿ ਇਸ ਸੰਬੰਧੀ ਨੋਟੀਫ਼ਿਕੇਸ਼ਨ ਛੇਤੀ ਜਾਰੀ ਕਰਕੇ ਉਨ੍ਹਾਂ ਦਾ ਰੁਜ਼ਗਾਰ ਪੱਕਾ ਕੀਤਾ ਜਾਵੇਗਾ | ਇਸ ਤੋਂ ਇਲਾਵਾ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਤਜਰਬੇਕਾਰ ਕਰਮਚਾਰੀਆਂ ਨੂੰ ਸਕਿਲਡ ਅਤੇ ਹਾਈ-ਸਕਿਲਡ ਅਸਾਮੀਆਂ 'ਤੇ ਨਿਯੁਕਤ ਕਰਨ, ਤਨਖ਼ਾਹ 'ਚ ਵਾਧਾ ਕਰਨ ਅਤੇ ਡਾਟਾ ਵੈਰੀਫਿਕੇਸ਼ਨ ਦਾ ਮਸਲਾ ਵੀ ਉਠਾਇਆ ਗਿਆ, ਜਿਸ 'ਤੇ ਵਿੱਤ ਮੰਤਰੀ ਨੇ ਹਾਂਅ ਪੱਖੀ ਹੁੰਗਾਰਾ ਭਰਿਆ | ਜਦਕਿ ਪਾਵਰਕਾਮ ਪ੍ਰਬੰਧਕਾਂ ਨੇ ਦੱਸਿਆ ਕਿ ਡਾਟਾ ਤਸਦੀਕ ਕੀਤਾ ਜਾ ਚੁੱਕਾ ਹੈ, ਜਿਸ ਦੀ ਅੰਤਿਮ ਜਾਂਚ ਲਈ ਜਥੇਬੰਦੀ ਨੂੰ ਛੇਤੀ ਪਾਵਰਕਾਮ ਦੇ ਮੁੱਖ ਦਫ਼ਤਰ ਪਟਿਆਲਾ ਵਿਖੇ ਸੱਦਿਆ ਜਾਵੇਗਾ | ਆਗੂਆਂ ਨੇ ਕਿਹਾ ਕਿ ਵਿੱਤ ਮੰਤਰੀ ਅਤੇ ਪਾਵਰਕਾਮ ਪ੍ਰਬੰਧਕਾਂ ਨਾਲ ਬਹੁਤ ਹੀ ਸੁਖਾਵੇਂ ਮਾਹੌਲ 'ਚ ਹੋਈ ਮੀਟਿੰਗ ਨਾਲ ਉਨ੍ਹਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਦਾ ਹੱਲ ਹੋਣ ਦੀ ਆਸ ਬੱਝੀ ਹੈ |
ਥਰਮਲ ਪਲਾਂਟ ਕਰਮਚਾਰੀ ਸੰਘ ਵਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ
ਅਜੀਤ ਡੈਸਕ
17-06-2026