ਬਠਿੰਡਾ, 16 ਜੂਨ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ 'ਚ ਮਹਿਲਾਵਾਂ ਨੂੰ ਆਤਮ-ਨਿਰਭਰ ਅਤੇ ਹੁਨਰਮੰਦ ਬਣਾਉਣ ਦੇ ਮਕਸਦ ਨਾਲ ਨਾਮਵਰ ਸਮਾਜ ਸੇਵਿਕਾ ਵੀਨੂੰ ਗੋਇਲ ਦੀ ਅਗਵਾਈ ਵਿਚ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਚਲਾਏ ਜਾ ਰਹੇ ਮੁਫ਼ਤ ਸਵੈ-ਰੋਜ਼ਗਾਰ ਸਿਖਲਾਈ ਕੈਂਪਾਂ ਦੀ ਕੜੀ ਤਹਿਤ ਅੱਜ ਬਠਿੰਡਾ ਦੇ ਦੇਸਰਾਜ ਸਰਕਾਰੀ ਸਕੂਲ, ਸਰਕਾਰੀ ਆਦਰਸ਼ ਸਕੂਲ (ਕੈਨਾਲ ਕਲੋਨੀ) ਅਤੇ ਸਰਕਾਰੀ ਸਕੂਲ (ਸੰਜੇ ਨਗਰ) ਵਿਖੇ 27ਵੇਂ ਮੁਫ਼ਤ ਕੈਂਪ ਦਾ ਸ਼ਾਨਦਾਰ ਆਗਾਜ਼ ਹੋਇਆ | 21 ਦਿਨਾਂ ਤੱਕ ਚੱਲਣ ਵਾਲੇ ਇਸ ਵਿਸ਼ੇਸ਼ ਕੈਂਪ ਦਾ ਰਸਮੀ ਉਦਘਾਟਨ ਮੁੱਖ ਮਹਿਮਾਨ ਬਠਿੰਡਾ ਦੇ ਐਸ.ਪੀ. (ਬੀ.ਆਈ.) ਹੀਨਾ ਗੁਪਤਾ ਨੇ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ | ਇਸ ਮੌਕੇ ਉਨ੍ਹਾਂ ਨਾਲ ਵਿਸ਼ੇਸ਼ ਮਹਿਮਾਨ ਵਜੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਮਮਤਾ ਸੇਠੀ ਖੁਰਾਨਾ ਵੀ ਸ਼ਾਮਿਲ ਹੋਏ ਸਨ | ਸਮਾਜ ਸੇਵਿਕਾ ਵੀਨੂ ਗੋਇਲ ਨੇ ਦੱਸਿਆ ਕਿ ਇਹ ਕੈਂਪ ਹਰ ਸਾਲ ਜੂਨ ਦੇ ਮਹੀਨੇ ਸ਼ੁਰੂ ਹੁੰਦਾ ਹੈ | ਪਿਛਲੇ 26 ਸਾਲਾਂ ਦੌਰਾਨ 36 ਹਜ਼ਾਰ ਤੋਂ ਵੱਧ ਮਹਿਲਾਵਾਂ ਇੱਥੋਂ ਸਿਖਲਾਈ ਲੈ ਕੇ ਆਪਣੇ ਪੈਰਾਂ 'ਤੇ ਖੜ੍ਹੀਆਂ ਹੋ ਚੁੱਕੀਆਂ ਹਨ | ਉਨ੍ਹਾਂ ਦੱਸਿਆ ਕਿ ਸਭ ਦੇ ਸਹਿਯੋਗ ਨਾਲ ਇਹ ਕੈਂਪ ਤਿੰਨ ਸਕੂਲਾਂ ਵਿਖੇ ਬਹੁਤ ਹੀ ਅਨੁਸ਼ਾਸਨਬੱਧ ਤਰੀਕੇ ਨਾਲ ਚੱਲ ਰਿਹਾ ਹੈ, ਜਿਸ ਵਿੱਚ ਇਸ ਵਾਰ ਲਗਭਗ 1300 ਲੜਕੀਆਂ ਅਤੇ ਹਰ ਉਮਰ ਵਰਗ ਦੀਆਂ ਮਹਿਲਾਵਾਂ ਵੱਖ-ਵੱਖ ਕੋਰਸਾਂ ਦੀ ਸਿਖਲਾਈ ਲੈ ਰਹੀਆਂ ਹਨ | ਕੈਂਪ ਦੌਰਾਨ ਮਹਿਲਾਵਾਂ ਨੂੰ ਏ. ਆਈ. (19) ਅਤੇ ਡਿਜੀਟਲ ਐਜੂਕੇਸ਼ਨ, ਸਿਲਾਈ-ਕਢਾਈ ਅਤੇ ਟੇਲਰਿੰਗ, ਮੇਕਅੱਪ ਆਰਟ ਅਤੇ ਬਿਊਟੀਸ਼ਨ, ਮਹਿੰਦੀ ਅਤੇ ਪੇਂਟਿੰਗ ਵਰਗੇ ਵੱਖ-ਵੱਖ ਟਰੇਡਾਂ ਵਿਚ ਸਿਖਲਾਈ ਦਿੱਤੀ ਜਾ ਰਹੀ ਹੈ | ਇਸ ਮੌਕੇ ਰੋਜ਼ਗਾਰ ਦਫ਼ਤਰ ਦੀ ਟੀਮ ਵੱਲੋਂ ਜਾਗਰੂਕ ਕਰਨ ਲਈ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਤੋਂ ਕੈਰੀਅਰ ਕੌਂਸਲਰ ਵਿਸ਼ਾਲ ਚਾਵਲਾ ਅਤੇ ਉਨ੍ਹਾਂ ਦੀ ਟੀਮ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ |