ਬਠਿੰਡਾ, 16 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ): ਸੂਬੇ ਨੂੰ ਸਵੱਛ ਬਣਾਉਣ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਕਲੀਨ ਪੰਜਾਬ ਤਹਿਤ ਸਥਾਨਕ ਸਰਕਾਰਾਂ ਦੇ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਸਫ਼ਾਈ ਕਰਵਾਈ ਜਾ ਰਹੀ ਹੈ | ਕਮਿਸ਼ਨਰ ਨਗਰ ਨਿਗਮ ਮੈਡਮ ਲਵਜੀਤ ਕਲਸੀ ਨੇ ਦੱਸਿਆ ਕਿ ਉਨ੍ਹਾਂ ਖੇਤਰਾਂ ਦੀ ਖ਼ਾਸ ਸਫ਼ਾਈ ਕੀਤੀ ਜਾ ਰਹੀ ਹੈ, ਜਿੱਥੇ ਖ਼ਾਲੀ ਪਏ ਪਲਾਟਾਂ 'ਚ ਲੋਕਾਂ ਵਲੋਂ ਕੂੜਾ ਸੁੱਟਿਆ ਜਾਂਦਾ ਹੈ | ਇਨ੍ਹਾਂ ਖੇਤਰਾਂ 'ਚ ਸਿਵਲ ਸਟੇਸ਼ਨ ਵਿਖੇ ਦਰਜਾ ਚਾਰ ਕਰਮਚਾਰੀਆਂ ਦੇ ਕੁਆਟਰਾਂ ਦੇ ਸਾਹਮਣੇ, ਪ੍ਰਾਚੀਨ ਸ਼ਿਵ ਮੰਦਰ ਦੇ ਆਸ-ਪਾਸ, ਭਾਗੂ ਰੋਡ ਪਾਰਕ ਦੇ ਨੇੜੇ, ਭਾਗੂ ਰੋਡ ਆਦਿ ਦੀ ਸਫ਼ਾਈ ਕੀਤੀ ਜਾ ਚੁੱਕੀ ਹੈ ਅਤੇ ਹੋਰ ਖੇਤਰਾਂ ਵਿਚ ਸਫ਼ਾਈ ਦਾ ਕੰਮ ਚੱਲ ਰਿਹਾ ਹੈ | ਇਸ ਤੋਂ ਇਲਾਵਾ ਨਗਰ ਨਿਗਮ ਦੀਆਂ ਟੀਮਾਂ ਵਲੋਂ ਲਗਾਤਾਰ ਆਮ ਲੋਕਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕਰਨ ਲਈ ਵੀ ਦੁਕਾਨਾਂ ਅਤੇ ਘਰਾਂ 'ਚ ਜਾ ਕੇ ਸਫ਼ਾਈ ਬਣਾਏ ਰੱਖਣ ਲਈ ਪ੍ਰੇਰਤ ਕੀਤਾ ਜਾ ਰਿਹਾ ਹੈ | ਨਗਰ ਨਿਗਮ ਦੇ ਜ਼ੋਨ-3 ਦੇ ਖੇਤਰਾਂ ਜਿਵੇਂ ਰੇਲਵੇ ਸਟੇਸ਼ਨ, ਅਮਰੀਕ ਸਿੰਘ ਰੋਡ ਅਤੇ ਤਿੰਨ ਕੋਨੀ ਨੇੜੇ ਕੂੜਾ ਫੈਲਾਉਣ ਵਾਲਿਆਂ ਦੇ ਚਲਾਨ ਕੱਟੇ ਗਏ |