ਬੋਹਾ, 16 ਜੂਨ (ਰਮੇਸ਼ ਤਾਂਗੜੀ)- ਬੋਹਾ ਵਾਸੀ ਭੁਪਿੰਦਰ ਕੁਮਾਰ ਸਿਹਤ ਸੁਪਰਵਾਈਜ਼ਰ ਦੇ ਕੁਝ ਦਿਨਾਂ ਪਹਿਲਾਂ ਘਰੋਂ ਚਲੇ ਜਾਣ ਬਾਅਦ ਉਸ ਦੀ ਮਿ੍ਤਕ ਦੇਹ 14 ਜੂਨ ਨੂੰ ਭਾਖੜਾ ਨਹਿਰ 'ਚੋਂ ਬਰਾਮਦ ਹੋ ਗਈ ਸੀ | ਜਿਸ 'ਤੇ ਰੋਹ 'ਚ ਆਏ ਲੋਕਾਂ ਨੇ 15 ਜੂਨ ਨੂੰ ਉਸ ਦੀ ਦੇਹ ਸਿਵਲ ਹਸਪਤਾਲ ਬੁਢਲਾਡਾ ਦੇ ਮੁਰਦਾ ਘਰ 'ਚ ਸੰਭਾਲ ਕੇ ਲੋਕਾਂ ਨੇ ਬੋਹਾ 'ਚ ਦੁਕਾਨਾਂ ਬੰਦ ਰੱਖੀਆਂ ਅਤੇ ਮੁੱਖ ਸੜਕ ਜਾਮ ਕਰ ਕੇ ਲੋਕਾਂ ਨੇ ਧਰਨਾ ਦਿੱਤਾ | ਕਾ. ਹਰਦੇਵ ਸਿੰਘ ਅਰਸ਼ੀ ਸਮੇਤ 11 ਮੈਂਬਰੀ ਐਕਸ਼ਨ ਕਮੇਟੀ ਅਤੇ ਵੱਖ-ਵੱਖ ਰਾਜਸੀ ਪਾਰਟੀ ਦੇ ਆਗੂਆਂ ਨੇ ਧਰਨੇ ਦੀ ਅਗਵਾਈ ਕੀਤੀ | ਐਕਸ਼ਨ ਕਮੇਟੀ 'ਚ ਸ਼ਾਮਿਲ ਪ੍ਰਸ਼ੋਤਮ ਸਿੰਘ ਗਿੱਲ ਕਿਸਾਨ ਯੂਨੀਅਨ, ਬਿਪਨ ਕੁਮਾਰ ਪ੍ਰਧਾਨ ਗਊਸ਼ਾਲਾ, ਜਥੇ: ਜੋਗਾ ਸਿੰਘ ਸ਼ੋ੍ਰਮਣੀ ਅਕਾਲੀ ਦਲ, ਨਿਖਿਲ ਗੋਇਲ, ਗਿਆਨ ਚੰਦ, ਸੁਰਿੰਦਰ ਮੰਗਲਾ, ਤਰਸੇਮ ਰਾਜ, ਹੈਪੀ ਕੁਮਾਰ, ਨਿਰੰਜਣ ਕੱਕੜ, ਕਪਿਲ ਦੇਵ ਆਦਿ ਨੇ ਕਿਹਾ ਕਿ ਭੁਪਿੰਦਰ ਦੀ ਮੌਤ, ਖ਼ੁਦਕੁਸ਼ੀ ਨਹੀਂ ਹੋਈ, ਸਗੋਂ ਉਸ ਦਾ ਕਤਲ ਕੀਤਾ ਗਿਆ ਹੈ | ਬੀਤੇ ਕੱਲ੍ਹ ਧਰਨੇ ਦੌਰਾਨ ਡੀ.ਐਸ.ਪੀ. ਸਿਕੰਦਰ ਸਿੰਘ ਅਤੇ ਥਾਣਾ ਐਸ.ਐਚ.ਓ. ਮੇਲਾ ਸਿੰਘ ਨਾਲ ਮੀਟਿੰਗ ਕਰ ਕੇ 2 ਦਿਨ ਤੇ 4 ਦਿਨਾਂ ਅੰਦਰ ਇਸ ਕਤਲ ਦੇ ਕਾਰਨਾਂ ਨੂੰ ਲੱਭਣ ਅਤੇ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਨ ਅਤੇ ਸਜ਼ਾ ਦਿਵਾਉਣ ਦੇ ਭਰੋਸੇ ਮਗਰੋਂ ਧਰਨਾ ਚੁੱਕਿਆ ਗਿਆ ਸੀ | ਕਮੇਟੀ ਤੇ ਪਰਿਵਾਰ ਦੇ ਫ਼ੈਸਲੇ ਮੁਤਾਬਿਕ ਭੁਪਿੰਦਰ ਦੀ ਮਿ੍ਤਕ ਦੇਹ ਦਾ ਅੱਜ ਸੈਂਕੜੇ ਲੋਕਾਂ ਵਲੋਂ ਅੰਤਿਮ ਸਸਕਾਰ ਕਰ ਦਿੱਤਾ ਗਿਆ | ਮਿ੍ਤਕ ਦੇ ਪੁੱਤਰ ਵਲੋਂ ਚਿਤਾ ਨੂੰ ਅਗਨੀ ਵਿਖਾਈ ਗਈ |