ਬਰੇਟਾ, 16 ਜੂਨ (ਪਾਲ ਸਿੰਘ ਮੰਡੇਰ/ਜੀਵਨ ਸ਼ਰਮਾ)- ਨੇੜਲੇ ਪਿੰਡ ਮੰਡੇਰ ਦੇ ਨੌਜਵਾਨ ਫ਼ੌਜੀ ਜਵਾਨ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਬਲਬੀਰ ਸਿੰਘ ਪੁੱਤਰ ਰੂਪ ਸਿੰਘ ਵਾਸੀ ਛੁੱਟੀ ਕੱਟਣ ਲਈ ਪਿੰਡ ਆ ਰਿਹਾ ਸੀ, ਰਸਤੇ 'ਚ ਮਾਨਸਾ ਰੋਡ ਉੱਪਰ ਹੋਏ ਸੜਕ ਹਾਦਸੇ ਦੌਰਾਨ ਮੌਤ ਹੋ ਗਈ | ਉਹ ਅਗਨੀਵੀਰ ਯੋਜਨਾ ਦੇ ਪਹਿਲੇ ਬੈਚ ਦਾ ਜਵਾਨ ਸੀ ਅਤੇ ਭਾਰਤੀ ਫ਼ੌਜ ਦੀ 62 ਮੀਡੀਅਮ ਆਰਟਲਰੀ ਯੂਨਿਟ 'ਚ ਤਾਇਨਾਤ ਸੀ | ਅੰਤਿਮ ਸਸਕਾਰ ਮੌਕੇ 62 ਮੀਡੀਅਮ ਆਰਟਲਰੀ ਦੇ ਸੂਬੇਦਾਰ ਭਗਵੰਤ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਤੋਂ ਇਲਾਵਾ 15 ਆਰਮਡ ਰੈਜੀਮੈਂਟ ਦੇ ਕੈਪਟਨ ਪ੍ਰਕਾਸ਼ ਕੁਮਾਰ ਗਾਰਡ ਆਫ਼ ਆਨਰ ਦੀ ਅਗਵਾਈ ਲਈ ਮੌਕੇ 'ਤੇ ਹਾਜ਼ਰ ਹੋਏ | ਸਿਵਲ ਪ੍ਰਸ਼ਾਸਨ ਵੱਲੋਂ ਨਾਇਬ ਤਹਿਸੀਲਦਾਰ ਕੁਲਦੀਪ ਕੌਰ ਨੇ ਵੀ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਸ਼ਰਧਾਂਜਲੀ ਭੇਟ ਕੀਤੀ | ਭਾਰਤੀ ਫ਼ੌਜ ਵਲੋਂ ਬਲਬੀਰ ਸਿੰਘ ਨੂੰ ਪੂਰੇ ਫ਼ੌਜੀ ਸਨਮਾਨ ਨਾਲ ਗਾਰਡ ਆਫ਼ ਆਨਰ ਦਿੱਤਾ ਗਿਆ ਅਤੇ ਸਲਾਮੀ ਦੇ ਕੇ ਅੰਤਿਮ ਵਿਦਾਈ ਦਿੱਤੀ ਗਈ | ਅੰਤਿਮ ਯਾਤਰਾ ਦੌਰਾਨ ਵੱਡੀ ਗਿਣਤੀ 'ਚ ਲੋਕ ਸ਼ਾਮਿਲ ਹੋਏ | ਮਿ੍ਤਕ ਪਿੱਛੇ ਬਜ਼ੁਰਗ ਮਾਤਾ-ਪਿਤਾ, ਇਕ ਭਰਾ ਅਤੇ ਇਕ ਭੈਣ ਛੱਡ ਗਏ ਹਨ | ਇਲਾਕਾ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਰਿਵਾਰ ਨੂੰ ਬਣਦੇ ਆਰਥਿਕ ਲਾਭ ਅਤੇ ਹੋਰ ਸਹਾਇਤਾ ਦਿੱਤੀ ਜਾਵੇ |