ਬਠਿੰਡਾ, 16 ਜੂਨ (ਕੈਂਥ)-ਸ਼ਹਿਰ ਦੀ ਨਿਰੋਲ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਠਿੰਡਾ (ਰਜਿ:) ਵਲੋਂ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੇ ਅਨੇਕਾਂ ਸਿੰਘ ਸਿੰਘਣੀਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਧਾਰਮਿਕ ਸਮਾਗਮ ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਨੇੜੇ ਖੇਡ ਸਟੇਡੀਅਮ ਵਿਖੇ ਸ਼ਾਮ ਦੇ ਸਮੇਂ ਸਮਾਗਮ ਸਜਾਇਆ | ਸਮਾਗਮ ਤੋਂ ਛੇਵਾਂ, ਸੱਤਵੇਂ ਅਤੇ ਆਖ਼ਰੀ ਅੱਠਵੇਂ ਸਮਾਗਮਾਂ ਦੀ ਸੇਵਾ ਗੁਰਿੰਦਰ ਸਿੰਘ ਅਜੂਬਾ ਡਿਜ਼ਾਈਨਰ, ਅਵਤਾਰ ਸਿੰਘ/ਸਰਬਜੀਤ ਸਿੰਘ, ਪਿੰਦਰਪਾਲ ਸਿੰਘ, ਇੰਦਰਪਾਲ ਸਿੰਘ ਦੇ ਪਰਿਵਾਰ ਵਲੋਂ ਕਰਵਾਈ ਗਈ | ਜਿਸ 'ਚ ਹਜ਼ੂਰੀ ਰਾਗੀ ਭਾਈ ਪਵਿੱਤਰ ਸਿੰਘ ਨਾਹਰਾ, ਗੁਰਪ੍ਰੀਤ ਸਿੰਘ ਗੋਸਲ, ਲਖਵਿੰਦਰ ਸਿੰਘ ਅਤੇ ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਲੋਪੋਕੇ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਸਾਹਿਬ ਵਲੋਂ ਇਲਾਹੀ ਗੁਰਬਾਣੀ ਸ਼ਬਦ ਕੀਰਤਨ ਨਾਲ ਸਮਾਗਮ 'ਚ ਸ਼ਿਰਕਤ ਕਰਦਿਆਂ ਸੰਗਤਾਂ ਨੂੰ ਨਿਹਾਲ ਕੀਤਾ | ਇਨ੍ਹਾਂ ਤੋਂ ਇਲਾਵਾ ਕਥਾ ਵਾਚਕ ਭਾਈ ਨਛੱਤਰ ਸਿੰਘ ਭਾਂਬੜੀ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਾਰੇ ਚਾਨਣਾ ਪਾਉਂਦਿਆਂ ਗੁਰਬਾਣੀ ਸ਼ਬਦ ਦੇ ਪਾਠ ਦੀ ਵਿਆਖਿਆ ਕੀਤੀ | ਸਰਬੱਤ ਦੇ ਭਲੇ ਲਈ ਅਰਦਾਸ ਭਾਈ ਮਨਜੋਤ ਸਿੰਘ ਵਲੋਂ ਕੀਤੀ ਗਈ | ਸੁਸਾਇਟੀ ਮੈਂਬਰਾਂ ਵਲੋਂ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ |