ਰਾਮਾਂ ਮੰਡੀ, 16 ਜੂਨ (ਤਰਸੇਮ ਸਿੰਗਲਾ)-ਰਾਮਾਂ ਮੰਡੀ ਅਤੇ ਆਸ-ਪਾਸ ਦੇ ਪਿੰਡਾਂ ਵਿਚ ਸਰਕਾਰੀ ਰਾਸ਼ਨ ਕਣਕ ਲੈਣ ਲਈ ਡਿਪੂਆਂ 'ਤੇ ਪਹੁੰਚ ਰਹੇ ਲਾਭਪਾਤਰੀਆਂ ਨੂੰ ਇਨ੍ਹੀਂ ਦਿਨੀਂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਲੋਕਾਂ ਦਾ ਕਹਿਣਾ ਹੈ ਕਿ ਮੌਜੂਦਾ ਰਾਸ਼ਨ ਵੰਡ ਆਧੁਨਿਕ ਪ੍ਰਣਾਲੀ ਕਾਰਨ ਉਨ੍ਹਾਂ ਦਾ ਕਾਫ਼ੀ ਸਮਾਂ ਬਰਬਾਦ ਹੋ ਰਿਹਾ ਹੈ ਅਤੇ ਉਹ ਇਸ ਨੂੰ ਸਰਕਾਰ ਦੀ ਘਟੀਆ ਨੀਤੀ ਦੱਸ ਰਹੇ ਹਨ | ਲਾਭਪਾਤਰੀਆਂ ਨੇ ਦੱਸਿਆ ਕਿ ਪਹਿਲਾਂ ਇਕ ਹੀ ਪਰਚੀ 'ਤੇ ਰਾਸ਼ਨ ਮਿਲ ਜਾਂਦਾ ਸੀ, ਪਰ ਹੁਣ ਤਿੰਨ ਮਹੀਨਿਆਂ ਦੀ ਕਣਕ ਲਈ ਹਰ ਮਹੀਨੇ ਵੱਖ-ਵੱਖ ਪਰਚੀ ਕਟਵਾਉਣੀ ਪੈਂਦੀ ਹੈ ਅਤੇ ਹਰ ਵਾਰ ਫ਼ਿੰਗਰ ਪਿ੍ੰਟ ਵੀ ਦੇਣੇ ਪੈਂਦੇ ਹਨ | ਇਸ ਕਾਰਨ ਇਕ ਵਿਅਕਤੀ ਨੂੰ ਰਾਸ਼ਨ ਪ੍ਰਾਪਤ ਕਰਨ ਵਿਚ ਕਾਫ਼ੀ ਸਮਾਂ ਲੱਗ ਜਾਂਦਾ ਹੈ | ਕਈ ਵਾਰ ਮਸ਼ੀਨਾਂ ਦੇ ਠੀਕ ਤਰ੍ਹਾਂ ਕੰਮ ਨਾ ਕਰਨ ਕਾਰਨ ਅਤੇ ਕਈ ਵਾਰ ਫਿੰਗਰ ਪਿ੍ੰਟ ਦਾ ਮਿਲਾਨ ਨਾ ਹੋਣ ਕਾਰਨ ਜਿੱਥੇ ਡੀਪੂਆਂ 'ਤੇ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ, ਉਥੇ ਡਿੱਪੂ ਹੋਲਡਰ ਨੂੰ ਸਿਸਟਮ ਦੀ ਪ੍ਰੇਸ਼ਾਨੀ ਦਾ ਸ਼ਿਕਾਰ ਹੋਣਾ ਪੈਂਦਾ ਹੈ | ਡੀਪੂ ਹੋਲਡਰਾਂ ਦਾ ਕਹਿਣਾ ਹੈ ਕਿ ਇਸ ਪ੍ਰਕਿਰਿਆ ਨਾਲ ਰਾਸ਼ਨ ਵੰਡ ਦਾ ਕੰਮ ਕਾਫੀ ਪ੍ਰਭਾਵਿਤ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਵੀ ਬੇਲੋੜੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ | ਉੱਧਰ, ਲਾਭਪਾਤਰੀਆਂ ਨੇ ਦੱਸਿਆ ਕਿ 5 ਕਿਲੋ ਪ੍ਰਤੀ ਜੀਅ ਕਣਕ ਲੈਣ ਲਈ ਉਨ੍ਹਾਂ ਨੂੰ ਬੇਲੋੜੀ ਸਮੇਂ ਦੀ ਬਰਬਾਦੀ ਕਾਰਨ ਆਪਣੀ ਦਿਹਾੜੀ ਛੱਡਣ ਲਈ ਮਜਬੂਰ ਹੋਣਾ ਪੈਂਦਾ ਹੈ | ਡੀਪੂਆਂ 'ਤੇ ਇਕੱਠੇ ਹੋਏ ਲਾਭਪਾਤਰੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਲੋਕਾਂ ਦੀ ਸਹੂਲਤ ਲਈ ਪੁਰਾਣੇ ਸਿਸਟਮ ਵਾਂਗ ਇਕ ਹੀ ਪਰਚੀ 'ਤੇ ਰਾਸ਼ਨ ਜਾਰੀ ਕਰਨ ਦੀ ਵਿਵਸਥਾ ਮੁੜ ਲਾਗੂ ਕੀਤੀ ਜਾਵੇ, ਤਾਂ ਜੋ ਲੋਕਾਂ ਅਤੇ ਡੀਪੂ ਹੋਲਡਰਾਂ ਦਾ ਕੀਮਤੀ ਸਮਾਂ ਬਚ ਸਕੇ |