ਮਾਨਸਾ, 16 ਜੂਨ (ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬ ਸਰਕਾਰ ਵਲੋਂ ਸੂਬੇ ਨੂੰ ਪ੍ਰਦੂਸ਼ਣ-ਮੁਕਤ ਬਣਾਉਣ ਲਈ ਮੁਹਿੰਮ ਦੇ ਚੱਲਦਿਆਂ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਸੀ.ਆਰ.ਐਮ. ਸਕੀਮ ਅਧੀਨ ਕਿਸਾਨਾਂ ਨੂੰ ਖੇਤੀ ਮਸ਼ੀਨਰੀ ਉਪਦਾਨ 'ਤੇ ਮੁਹੱਈਆ ਕਰਵਾਈ ਜਾ ਰਹੀ ਹੈ | ਇਸ ਸੰਬੰਧੀ ਕਿਸਾਨਾਂ ਤੋਂ ਪੋਰਟਲ ਰਾਹੀਂ ਅਰਜ਼ੀਆਂ ਮੰਗੀਆਂ ਗਈਆਂ ਸਨ | ਜ਼ਿਲ੍ਹਾਵਾਰ ਨਿਰਧਾਰਿਤ ਟੀਚਿਆਂ ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਣ ਕਾਰਨ ਲਾਭ ਪਾਤਰੀਆਂ ਦੀ ਚੋਣ ਲਾਟਰੀ ਪ੍ਰਣਾਲੀ ਤਹਿਤ ਪੂਨਮ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਮਾਨਸਾ ਦੀ ਪ੍ਰਧਾਨਗੀ ਹੇਠ ਸਥਾਨਕ ਬੱਚਤ ਭਵਨ ਵਿਖੇ 16 ਕਰੋੜ ਦੇ ਡਰਾਅ ਕੱਢੇ ਗਏ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਵਲੋਂ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਵਿਸ਼ਾਲ ਜਾਗਰੂਕਤਾ ਮੁਹਿੰਮ ਵੀ ਚਲਾਈ ਜਾ ਰਹੀ ਹੈ | ਹਰਵਿੰਦਰ ਸਿੰਘ ਸਿੱਧੂ ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਸੀ.ਆਰ.ਐਮ. ਸਕੀਮ ਅਨੁਸਾਰ 72 ਬੇਲਰ+ਰੇਕ, 233 ਸੁਪਰ ਸੀਡਰ, 95 ਜ਼ੀਰੋ ਡਰਿੱਲ, 4 ਮਲਚਰ, 9 ਐਮ.ਬੀ. ਪਲਾਓ, 6 ਐਸ.ਐਮ.ਐਸ, 5 ਹੈਪੀ ਸੀਡਰ ਆਦਿ ਮਸ਼ੀਨਾਂ ਲਈ ਪ੍ਰਾਪਤ ਟੀਚਿਆਂ ਮੁਤਾਬਿਕ ਲਾਭ ਪਾਤਰੀਆਂ ਦੀ ਚੋਣ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਪਿੰਡਾਂ ਦੀਆਂ ਪੰਚਾਇਤਾਂ ਅਤੇ ਸਹਿਕਾਰੀ ਸਭਾਵਾਂ ਨੂੰ ਤਰਜੀਹ ਦਿੱਤੀ ਗਈ ਹੈ ਤਾਂ ਜੋ ਪਿੰਡ ਪੱਧਰ 'ਤੇ ਪਰਾਲੀ ਦਾ ਸੁਚੱਜਾ ਪ੍ਰਬੰਧਨ ਯਕੀਨੀ ਬਣਾਇਆ ਜਾ ਸਕੇ ਅਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਘਟਾਇਆ ਜਾ ਸਕੇ | ਉਨ੍ਹਾਂ ਚੁਣੇ ਗਏ ਲਾਭ ਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਜਲਦੀ ਮਸ਼ੀਨਰੀ ਦੀ ਖ਼ਰੀਦ ਕਰ ਕੇ ਵੱਧ ਤੋਂ ਵੱਧ ਕਿਸਾਨਾਂ ਦੇ ਖੇਤਾਂ 'ਚ ਇਨ੍ਹਾਂ ਮਸ਼ੀਨਾਂ ਦੀ ਵਰਤੋਂ ਯਕੀਨੀ ਬਣਾਉਣ | ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਤੋਂ ਇਲਾਵਾ ਸਹਿਕਾਰੀ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ |