ਬਠਿੰਡਾ, 17 ਜੂਨ (ਵੀਰਪਾਲ ਸਿੰਘ)- ਬਠਿੰਡਾ ਪੁਲਿਸ ਵਲੋਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਪਾਸੋਂ 350 ਨਸ਼ੀਲੇ ਕੈਪਸੂਲ ਅਤੇ 9 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੇ। ਇਸ ਮਾਮਲੇ ਵਿਚ ਜਾਂਚ ਪੁਲਿਸ ਅਧਿਕਾਰੀ ਜਸਵਿੰਦਰ ਸਿੰਘ ਵਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਥਾਣਾ ਕੋਤਵਾਲੀ ਪੁਲਿਸ ਪਾਰਟੀ ਵਲੋਂ ਸਿਰਕੀ ਬਾਜ਼ਾਰ ਬਠਿੰਡਾ ਪਾਸੋਂ ਇਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਤਲਾਸ਼ੀ ਦੌਰਾਨ ਉਕਤ ਵਿਅਕਤੀ ਪਾਸੋਂ 350 ਪ੍ਰੈਗਬਲਿਨ ਸਿਗਨੌਰ ਕੈਪਸੂਲ ਬਰਾਮਦ ਕਰ ਲਏ ਗਏ। ਪੁਲਿਸ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਹਿਚਾਣ ਮੰਗਲ ਸਿੰਘ ਵਾਸੀ ਆਦਰਸ਼ ਨਗਰ ਬਠਿੰਡਾ ਵਜੋਂ ਹੋਈ ਹੈ। ਜਿਸ ‘ਤੇ ਥਾਣਾ ਕੋਤਵਾਲੀ ਵਿਖੇ ਮੁਕੱਦਮਾ ਦਰਜ ਕਰਨ ਤੋਂ ਬਾਅਦ ਬਰਜ਼ਮਾਨਤ ਰਿਹਾਅ ਕਰ ਦਿੱਤਾ ਹੈ। ਦੂਸਰੇ ਮਾਮਲੇ ਵਿਚ ਤਫ਼ਤੀਸ਼ੀ ਪੁਲਿਸ ਅਧਿਕਾਰੀ ਉਪਿੰਦਰਜੀਤ ਸਿੰਘ ਅਨੁਸਾਰ ਥਾਣਾ ਸਦਰ ਪੁਲਿਸ ਵਲੋਂ ਪਰਮਜੀਤ ਸਿੰਘ ਵਾਸੀ ਬੀੜ ਤਲਾਬ ਨੂੰ ਬੀੜ ਤਲਾਬ ਤੋਂ ਗ੍ਰਿਫ਼ਤਾਰ ਕਰਕੇ 9 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕਰ ਲਈ ਗਈ। ਜਿਸ ‘ਤੇ ਥਾਣਾ ਸਦਰ ਵਿਖੇ ਐਕਸਾਈਜ਼ ਐਕਟ ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ ਹੈ।