ਮਹਿਰਾਜ, 19 ਜੁਲਾਈ (ਸੁਖਪਾਲ ਮਹਿਰਾਜ): ਲੋਕ ਮਿਲਣੀ ਪ੍ਰੋਗਰਾਮ ਤਹਿਤ ਕੋਠੇ ਮੱਲੂਆਣਾ ਮਹਿਰਾਜ ਵਿਖੇ ਪਾਰਟੀ ਵਰਕਰਾਂ ਅਤੇ ਇਲਾਕਾ ਵਾਸੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਨੇ ਹਮੇਸ਼ਾ ਬਦਲਾਖੋਰੀ ਦੀ ਸਿਆਸਤ ਕੀਤੀ, ਜਿਸ ਕਾਰਨ ਲੋਕਾਂ ਨੇ ਬਦਲਾਅ ਦੇ ਹੱਕ ਵਿਚ ਫ਼ੈਸਲਾ ਲੈਂਦਿਆਂ ਆਮ ਆਦਮੀ ਪਾਰਟੀ ਨੂੰ ਸਰਕਾਰ ਬਣਾਉਣ ਦਾ ਮੌਕਾ ਦਿੱਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਵੀ ਵੱਧ ਵਿਕਾਸ ਕਾਰਜ ਕਰਵਾਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਵਲੋਂ ਕਰਵਾਏ ਵਿਕਾਸ ਕਾਰਜ ਹੀ ਅੱਜ ਉਸ ਦੀ ਕਾਰਗੁਜ਼ਾਰੀ ਦੀ ਗਵਾਹੀ ਦੇ ਰਹੇ ਹਨ। ਵਿਧਾਇਕ ਸਿੱਧੂ ਨੇ ਕਿਹਾ ਕਿ ਲੋਕ ਭਲਾਈ ਦੇ ਕੰਮਾਂ ਦੇ ਆਧਾਰ ’ਤੇ ਸਾਲ 2027 ਵਿਚ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ। ਉਨ੍ਹਾਂ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਮੁਫ਼ਤ ਬਿਜਲੀ, ਸਿਹਤ ਬੀਮਾ, ਮਾਵਾਂ-ਧੀਆਂ ਸਤਿਕਾਰ ਯੋਜਨਾ, ਔਰਤਾਂ ਲਈ ਮੁਫ਼ਤ ਬੱਸ ਸਫ਼ਰ, ਰਾਸ਼ਨ ਅਤੇ ਸੜਕਾਂ ਦੇ ਵਿਕਾਸ ਸਮੇਤ ਹੋਰ ਯੋਜਨਾਵਾਂ ਦਾ ਜ਼ਿਕਰ ਕੀਤਾ। ਨਗਰ ਪੰਚਾਇਤ ਮਹਿਰਾਜ ਦੇ ਪ੍ਰਧਾਨ ਯੋਧਾ ਮਹਿਰਾਜ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਧਾਇਕ ਬਲਕਾਰ ਸਿੰਘ ਸਿੱਧੂ ਵਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸਰਪੰਚ ਗੁਰਦੀਪ ਕੌਰ, ਸੋਨੀ ਮੱਲੂਆਣਾ, ਸਾਬਕਾ ਪੰਚ ਭੋਲਾ ਸਿੰਘ, ਬੂਟਾ ਨੰਬਰਦਾਰ, ਲੱਖਾ ਮਹਿਰਾਜ, ਜੀਰੀ ਸਿੰਘ, ਮੇਜਰ ਸਿੰਘ, ਕਪੂਰ ਸਿੰਘ, ਬਿੰਦਰ ਸਿੰਘ, ਗਿੰਨੀ, ਹੈਪੀ ਮਹਿਲ, ਬੂਟਾ ਸਿੰਘ ਸਿੱਧੂ, ਡਾ. ਸੁਖਪਾਲ ਸਿੰਘ, ਗੁਰਦੀਪ ਸਿੰਘ ਢੂਲੇਵਾਲਾ, ਦਰਸ਼ਨ ਸਿੰਘ, ਸਾਬਕਾ ਫ਼ੌਜੀ ਮਹਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।
ਰਵਾਇਤੀ ਪਾਰਟੀਆਂ ਨੇ ਬਦਲਾਖੋਰੀ ਦੀ ਸਿਆਸਤ ਕੀਤੀ, ਲੋਕਾਂ ਨੇ ਬਦਲਾਅ ਲਈ ‘ਆਪ’ ਨੂੰ ਚੁਣਿਆ : ਬਲਕਾਰ ਸਿੱਧੂ
ਅਜੀਤ ਡੈਸਕ
20-07-2026