03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਪਿੰਡ ਚੱਠੇਵਾਲਾ ’ਚ ਹੋਈ ਮੀਟਿੰਗ

ਅਜੀਤ ਡੈਸਕ 27-07-2026

ਤਲਵੰਡੀ ਸਾਬੋ, 26 ਜੁਲਾਈ (ਰਣਜੀਤ ਸਿੰਘ ਰਾਜੂ)- ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਇਕ ਮੀਟਿੰਗ ਉੱਪ ਮੰਡਲ ਦੇ ਪਿੰਡ ਚੱਠੇਵਾਲਾ ‘ਚ ਨਛੱਤਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਮੀਟਿੰਗ ਨੂੰ ਸੰਬੋਧਨ ਦੌਰਾਨ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਕਿਹਾ ਕਿ ਜੀ ਰਾਮ ਜੀ ਕਾਨੂੰਨ ਨੂੰ ਰੱਦ ਕਰਵਾ ਕੇ ਮਨਰੇਗਾ ਕਾਨੂੰਨ ਨੂੰ ਲਾਗੂ ਕਰਵਾਉਣ, ਔਰਤਾਂ ਦੇ ਖਾਤਿਆਂ ‘ਚ ਪਿਛਲੇ ਸਾਢੇ ਚਾਰ ਸਾਲਾਂ ਦਾ ਬਕਾਇਆ ਪਵਾਉਣ, ਮਜ਼ਦੂਰਾਂ ਸਿਰ ਖੜ੍ਹੇ ਮਾਇਕਰੋ ਫਾਈਨਾਂਸ ਕੰਪਨੀਆਂ ਦੇ ਕਰਜ਼ਿਆਂ ਸਮੇਤ ਕੁਲ ਕਰਜ਼ੇ ਖ਼ਤਮ ਕਰਵਾਉਣ, ਪੰਚਾਇਤੀ ਜ਼ਮੀਨਾਂ ਵਿਚੋਂ ਮਜ਼ਦੂਰਾਂ ਦਾ ਬਣਦਾ ਤੀਜਾ ਹਿੱਸਾ ਉਨ੍ਹਾਂ ਨੂੰ ਠੇਕੇ ਤੇ ਦਿਵਾਉਣ, ਮਜ਼ਦੂਰਾਂ ਨੂੰ 10 ਮਰਲੇ ਦੇ ਪਲਾਟ ਦਿਵਾਉਣ ਅਤੇ ਮਕਾਨ ਬਣਾਉਣ ਲਈ ਪੰਜ ਲੱਖ ਰੁਪਏ ਦੀ ਗਰਾਂਟ, ਰਾਸ਼ਨ ਡੀਪੂਆਂ ਤੋਂ ਰਸੋਈ ਦੀਆਂ ਸਾਰੀਆਂ ਵਸਤਾਂ ਦਿਵਾਉਣ ਅਤੇ ਵਿਧਵਾ ਬੁਢਾਪਾ ਪੈਨਸ਼ਨ 5000 ਰੁਪਏ ਕਰਵਾਉਣ ਆਦਿ ਮੰਗਾਂ ਸਬੰਧੀ 5 ਅਗਸਤ ਨੂੰ ਸੂਬਾ ਪੱਧਰੀ ਰੈਲੀ ਜਲੰਧਰ ਵਿਖੇ ਕੀਤੀ ਜਾ ਰਹੀ ਹੈ। ਉਨ੍ਹਾਂ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਮਜ਼ਦੂਰਾਂ ਨੇ ਆਪਣੀਆਂ ਫ਼ੌਰੀ ‘ਤੇ ਬੁਨਿਆਦੀ ਮੰਗਾਂ ਖ਼ਾਤਰ ਲਗਾਤਾਰ ਸੰਘਰਸ਼ ਕਰਦਿਆਂ ਪੰਜ ਵਾਰ ਮੁੱਖ ਮੰਤਰੀ ਨਾਲ ਮੀਟਿੰਗ ਕਰਾਉਣ ਦੀਆਂ ਚਿੱਠੀਆਂ ਜਾਰੀ ਕੀਤੀਆਂ ਪਰ ਮੁੱਖ ਮੰਤਰੀ ਨੇ ਇਕ ਵਾਰ ਵੀ ਮੀਟਿੰਗ ਕਰਨੀ ਜ਼ਰੂਰੀ ਨਹੀਂ ਸਮਝੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੋਟਾਂ ਬਟੋਰਨ ਖ਼ਾਤਰ ਔਰਤਾਂ ਦੇ ਖਾਤਿਆਂ ਵਿਚ ਪੈਸੇ ਪਾ ਰਹੀ ਹੈ ਪਰ ਪਿਛਲੇ ਸਾਲਾਂ ਦੇ ਬਕਾਏ ਬਾਰੇ ਦੜ ਵੱਟ ਲਈ ਹੈ। ਨਸਰਾਲੀ ਮੁਤਾਬਿਕ ਇਕ ਪਾਸੇ ਤਾਂ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦਿੱਲੀ ‘ਚ ਵਿਦਿਆਰਥੀਆਂ ਤੇ ਭਾਜਪਾ ਸਰਕਾਰ ਦੇ ਜਬਰ ਦੀ ਨਿਖੇਧੀ ਕਰਦੇ ਪਰ ਦੂਸਰੇ ਪਾਸੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਹੱਕ ਮੰਗਦੇ ਮਜ਼ਦੂਰਾਂ, ਕਿਸਾਨਾਂ, ਅਧਿਆਪਕਾਂ, ਮਨਰੇਗਾ ਕਾਮਿਆਂ ਉੱਤੇ ਵਹਿਸ਼ੀਆਨਾ ਲਾਠੀਚਾਰਜ ਕਰਦੀ ਹੈ ਤਾਂ ਚੁੱਪ ਵੱਟ ਜਾਂਦਾ ਹੈ ਜੋ ਦੋਗਲਾਪਣ ਹੈ। ਉਨ੍ਹਾਂ ਨੇ 5 ਅਗਸਤ ਦੀ ਰੈਲੀ ‘ਚ ਪਰਿਵਾਰਾਂ ਸਮੇਤ ਪਹੁੰਚਣ ਦੀ ਅਪੀਲ ਕੀਤੀ।

ਪਿਛਲੀ ਖ਼ਬਰ ਐੱਚ ਐੱਮ ਈ ਐੱਲ ਨੇ ਸੇਵਾ ਅਤੇ ਸਮਾਜਿਕ ਜ਼ਿੰਮੇਵਾਰੀ ਦੇ ਸੰਕਲਪ ਨਾਲ ਮਨਾਇਆ 19ਵਾਂ ਸਥਾਪਨਾ ਦਿਵਸ ਅਗਲੀ ਖ਼ਬਰ ਫਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਐੱਮ.ਏ. ਪੰਜਾਬੀ ਦੇ ਨਤੀਜੇ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।