06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਜ਼ਮਾਨਤ ਮਨਜ਼ੂਰ ਹੋਣ ਦੇ ਬਾਵਜੂਦ ਕਿਸਾਨ ਆਗੂਆਂ ਦੀ ਜੇਲ੍ਹ 'ਚੋਂ ਨਹੀਂ ਹੋ ਸਕੀ ਰਿਹਾਈ

ਅਜੀਤ ਡੈਸਕ 20-02-2026

ਬਠਿੰਡਾ/ਨਥਾਣਾ, 19 ਫਰਵਰੀ (ਸੱਤਪਾਲ ਸਿੰਘ ਸਿਵੀਆਂ/ਗੁਰਦਰਸ਼ਨ ਸਿੰਘ ਸਿੱਧੂ)-ਪਿਛਲੇ ਸਾਢੇ 10 ਮਹੀਨਿਆਂ ਤੋਂ ਕੇਂਦਰੀ ਜੇਲ੍ਹ ਬਠਿੰਡਾ 'ਚ ਬੰਦ ਕਿਸਾਨ ਆਗੂ ਬਲਦੇਵ ਸਿੰਘ ਚਾਉਕੇ ਅਤੇ ਸ਼ਗਨਦੀਪ ਸਿੰਘ ਜਿਉਂਦ ਦੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਨਜ਼ੂਰ ਹੋਣ ਦੇ ਬਾਵਜੂਦ ਅੱਜ ਬਠਿੰਡਾ ਜੇਲ੍ਹ 'ਚੋਂ ਰਿਹਾਈ ਨਹੀਂ ਹੋ ਸਕੀ, ਜਿਸ ਦੇ ਰੋਸ ਵਜੋਂ ਕਿਸਾਨਾਂ ਵਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਝੰਡੇ ਹੇਠਾਂ ਜੇਲ੍ਹ ਨੇੜਲੇ ਪਿੰਡ ਗੋਬਿੰਦਪੁਰਾ 'ਚ ਰੋਸ ਮੁਜ਼ਾਹਰਾ ਕੀਤਾ ਗਿਆ ਤੇ ਅੱਜ ਫੇਰ ਇੱਥੇ ਵੱਡੇ ਇਕੱਠ ਸੱਦਿਆ ਹੈ | ਇਸ ਮੌਕੇ ਭਾਕਿਯੂ ਉਗਰਾਹਾਂ ਦੇ ਸੂਬਾ ਸੀਨੀਅਰ ਉੱਪ-ਪ੍ਰਧਾਨ ਝੰਡਾ ਸਿੰਘ ਜੇਠੂਕੇ, ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਹਰਿੰਦਰ ਕੌਰ ਬਿੰਦੂ ਨੇ ਕਿਹਾ ਕਿ ਬਠਿੰਡਾ ਜੇਲ੍ਹ 'ਚ ਬੰਦ ਕਿਸਾਨ ਆਗੂ ਬਲਦੇਵ ਸਿੰਘ ਚਾਉਕੇ ਅਤੇ ਸ਼ਗਨਦੀਪ ਸਿੰਘ ਜਿਉਂਦ ਦੀ ਰਿਹਾਈ ਨੂੰ ਲੈ ਕੇ ਕਿਸਾਨ ਅੰਦੋਲਨ ਭਖਿਆ ਹੋਇਆ ਹੈ ਤੇ ਬੀਤੇ ਕੱਲ੍ਹ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਦੋਵਾਂ ਦੀ ਜ਼ਮਾਨਤ ਮਨਜ਼ੂਰ ਕਰ ਦਿੱਤੀ ਗਈ ਹੈ ਤੇ ਅੱਜ ਵੱਡੀ ਗਿਣਤੀ ਕਿਸਾਨ ਉਨ੍ਹਾਂ ਦੀ ਰਿਹਾਈ ਮੌਕੇ ਪਿੰਡ ਗੋਬਿੰਦਪੁਰਾ ਵਿਚ ਇਕੱਤਰ ਹੋਏ ਸਨ, ਪਰ ਹੱਦ ਉਸ ਸਮੇਂ ਹੋ ਗਈ ਜਦੋਂ ਜੇਲ੍ਹ ਪ੍ਰਸ਼ਾਸਨ ਵਲੋਂ ਦੋਵੇਂ ਆਗੂਆਂ ਦੀ ਰਿਹਾਈ ਨਹੀਂ ਕੀਤੀ ਗਈ ਤੇ ਜਦੋਂ ਇਸ ਬਾਰੇ ਜੇਲ੍ਹ ਪ੍ਰਸ਼ਾਸਨ ਤੋਂ ਪਤਾ ਕੀਤਾ ਤਾਂ ਉਨ੍ਹਾਂ ਨੇ ਰਿਹਾਈ ਸੰਬੰਧੀ ਜ਼ਮਾਨਤ ਦੇ ਹੁਕਮ ਨਾ ਪੁੱਜਣਾ ਦੱਸਿਆ | ਕਿਸਾਨ ਆਗੂਆਂ ਨੇ ਦੋਸ਼ ਲਗਾਏ ਕਿ ਰਿਹਾਈ ਸੰਬੰਧੀ ਹੁਕਮਾਂ ਨੂੰ ਜਾਣਬੁੱਝ ਕੇ ਰੋਕਿਆ ਗਿਆ ਹੈ, ਪਰ ਅਜਿਹਾ ਕਰਕੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੱਚ ਦੀ ਆਵਾਜ਼ ਦਬਾਈ ਨਹੀਂ ਜਾ ਸਕਦੀ | ਉਨ੍ਹਾਂ ਕਿਹਾ ਕਿ ਰਿਹਾਈ ਨੂੰ ਦੇਖਦਿਆਂ ਅੱਜ ਮੁੜ ਪਿੰਡ ਗੋਬਿੰਦਪੁਰਾ 'ਚ ਵੱਡਾ ਇਕੱਠ ਸੱਦਿਆ ਹੈ ਤੇ ਰਿਹਾਈ ਉਪਰੰਤ ਜੇਤੂ ਮਾਰਚ ਕੱਢਿਆ ਜਾਵੇਗਾ | ਉਨ੍ਹਾਂ ਸਮੂਹ ਇਨਸਾਫ਼ ਪਸੰਦ ਧਿਰਾਂ ਨੂੰ ਪੁੱਜਣ ਦਾ ਸੱਦਾ ਦਿੱਤਾ | ਇਸ ਮੌਕੇ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਤੇ ਔਰਤ ਆਗੂ ਕਮਲਜੀਤ ਕੌਰ ਬਰਨਾਲਾ ਸਮੇਤ ਵੱਡੀ ਗਿਣਤੀ 'ਚ ਕਿਸਾਨ ਅਤੇ ਕਿਸਾਨ ਔਰਤਾਂ ਮੌਜੂਦ ਸਨ |

ਪਿਛਲੀ ਖ਼ਬਰ ਕਸਬਾ ਭਾਈਰੂਪਾ ਦੇ ਨੌਜਵਾਨ ਵਲੋਂ ਖ਼ੁਦਕੁਸ਼ੀ ਅਗਲੀ ਖ਼ਬਰ ਖ਼ਰਾਬ ਸੀਵਰੇਜ ਦੀ ਸਮੱਸਿਆ ਦੇ ਚੱਲਦਿਆਂ ਮੌੜ ਖ਼ੁਰਦ ਨਿਵਾਸੀਆਂ ਵਲੋਂ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।