06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਐਚ.ਐਮ.ਈ.ਐਲ. ਦੀ ਮੋਬਾਈਲ ਮੈਡੀਕਲ ਯੂਨਿਟ ਰਾਹੀਂ ਪਿੰਡਾਂ 'ਚ ਘਰ-ਦਰਵਾਜ਼ੇ 'ਤੇ ਏਮਜ਼ ਦਾ ਡਿਜੀਟਲ ਰਜਿਸਟਰੇਸ਼ਨ

ਅਜੀਤ ਡੈਸਕ 20-02-2026
ਰਾਮਾ ਮੰਡੀ 19 ਫਰਵਰੀ (ਗੁਰਪ੍ਰੀਤ ਸਿੰਘ ਅਰੋੜਾ, ਤਰਸੇਮ ਸਿੰਗਲਾ)-ਪਿੰਡਾਂ ਵਿਚ ਸਿਹਤ ਸੇਵਾਵਾਂ ਨੂੰ ਲੋਕਾਂ ਦੇ ਘਰ-ਦਰਵਾਜ਼ੇ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਐਚ ਐਮ ਈ ਐਲ ਅਤੇ ਏਮਜ਼ ਬਠਿੰਡਾ ਵਲੋਂ ਸਾਂਝੇ ਤੌਰ 'ਤੇ ਸ਼ੁਰੂ ਕੀਤੀਆਂ ਮੋਬਾਈਲ ਮੈਡੀਕਲ ਯੂਨਿਟਾਂ ਪਿੰਡਾਂ ਵਿਚ ਸਿਹਤ ਸੇਵਾਵਾਂ ਨੂੰ ਨਵੀਂ ਦਿਸ਼ਾ ਦੇ ਰਹੀਆਂ ਹਨ | ਏਮਜ਼ ਦੀ ਮੋਬਾਈਲ ਟੀਮ ਪਿੰਡ-ਪਿੰਡ ਜਾ ਕੇ ਮਰੀਜ਼ਾਂ ਦਾ ਡਿਜ਼ਿਟਲ ਰਜਿਸਟਰੇਸ਼ਨ ਕਰ ਰਹੀ ਹੈ ਅਤੇ ਮੌਕੇ 'ਤੇ ਹੀ ਇਲਾਜ ਮੁਹੱਈਆ ਕਰਵਾ ਰਹੀ ਹੈ | ਇਸ ਪ੍ਰਕਿਰਿਆ ਰਾਹੀਂ ਹਰ ਮਰੀਜ਼ ਦਾ ਡਿਜ਼ਿਟਲ ਹੈਲਥ ਕਾਰਡ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨਾਲ ਉਸ ਦਾ ਮੈਡੀਕਲ ਰਿਕਾਰਡ ਆਨਲਾਈਨ ਅੱਪਡੇਟ ਰਹੇਗਾ | ਇਸ ਡਿਜ਼ੀਟਲ ਕਾਰਡ ਦੀ ਮਦਦ ਨਾਲ ਭਵਿੱਖ ਵਿਚ ਜਦੋਂ ਮਰੀਜ਼ ਏਮਜ਼ 'ਚ ਇਲਾਜ ਲਈ ਜਾਵੇਗਾ ਤਾਂ ਉਸ ਨੂੰ ਲੰਬੀਆਂ ਕਤਾਰਾਂ ਵਿਚ ਖੜ੍ਹਾ ਨਹੀਂ ਹੋਣਾ ਪਵੇਗਾ | ਗੰਭੀਰ ਮਰੀਜ਼ਾਂ ਨੂੰ ਪਿੰਡ ਤੋਂ ਹੀ ਇਸ ਕਾਰਡ ਰਾਹੀਂ ਏਮਜ਼ ਲਈ ਰੈਫਰ ਕੀਤਾ ਜਾ ਸਕੇਗਾ, ਜਿਸ ਨਾਲ ਉਹ ਸਿੱਧੇ ਮਾਹਿਰਾਂ ਤੋਂ ਸਲਾਹ ਲੈ ਸਕਣਗੇ | ਡਿਜ਼ਿਟਲ ਹੈਲਥ ਕਾਰਡ ਧਾਰਕ ਮਰੀਜ਼ਾਂ ਲਈ ਏਮਜ਼ ਵਿਚ ਖ਼ਾਸ ਗਾਈਡੈਂਸ ਸੁਵਿਧਾ ਵੀ ਉਪਲਬਧ ਕਰਵਾਈ ਜਾਵੇਗੀ | ਇਹ ਪਹਿਲ ਗੁਰੂ ਗੋਬਿੰਦ ਸਿੰਘ ਰਿਫ਼ਾਇਨਰੀ ਦੇ ਆਲੇ-ਦੁਆਲੇ ਸਥਿਤ 59 ਪਿੰਡਾਂ ਵਿਚ ਚਰਣਬੱਧ ਢੰਗ ਨਾਲ ਸਿਹਤ ਸਹੂਲਤਾਂ ਉਨ੍ਹਾਂ ਦੇ ਘਰ-ਦਰਵਾਜ਼ੇ 'ਤੇ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਗਈ ਹੈ | ਪਿਛਲੇ ਹਫ਼ਤੇ ਮੋਬਾਈਲ ਮੈਡੀਕਲ ਯੂਨਿਟਾਂ ਨੇ 10 ਪਿੰਡਾਂ ਵਿਚ ਕੈਂਪ ਲਗਾਏ, ਜਿੱਥੇ ਕੁੱਲ 952 ਮਰੀਜ਼ਾਂ ਦਾ ਡਿਜ਼ਿਟਲ ਰਜਿਸਟਰੇਸ਼ਨ ਕਰਕੇ ਉਨ੍ਹਾਂ ਦੀ ਮੁਫ਼ਤ ਜਾਂਚ, ਸਲਾਹ ਅਤੇ ਦਵਾਈਆਂ ਦੇ ਨਾਲ ਇਲਾਜ ਕੀਤਾ ਗਿਆ | ਇਸ ਅਭਿਆਨ ਦੀ ਸ਼ੁਰੂਆਤ ਪਿੰਡ ਰਾਮਸਰਾਂ ਤੋਂ ਕੀਤੀ ਗਈ, ਜਿੱਥੇ ਐਗਜ਼ਿਕਿਊਟਿਵ ਡਾਇਰੈਕਟਰ ਡਾਕਟਰ ਰਤਨ ਗੁਪਤਾ ਅਤੇ ਮੈਡੀਕਲ ਸੁਪਰਿੰਟੈਂਡੈਂਟ ਡਾਕਟਰ ਰਜੀਵ ਗੁਪਤਾ ਨੇ ਖੁਦ ਮਰੀਜ਼ਾਂ ਦੀ ਜਾਂਚ ਕਰਕੇ ਮੁਹਿੰਮ ਦੀ ਸ਼ੁਰੂਆਤ ਕੀਤੀ | ਰਾਮਸਰਾ 103, ਤਰਖਾਣਵਾਲਾ 62, ਫੁੱਲੋਖਾਰੀ 41 ਅਤੇ ਗਿਆਨਾ ਵਿਚ 129 ਮਰੀਜ਼ਾਂ ਨੇ ਸੇਵਾਵਾਂ ਲਈਆਂ | ਮਲਕਾਨਾ 144 ਅਤੇ ਗਾਟਵਾਲੀ 'ਚ 98 ਮਰੀਜ਼ਾਂ ਦਾ ਇਲਾਜ ਕੀਤਾ ਗਿਆ | ਇਸ ਤੋਂ ਇਲਾਵਾ ਸੇਖੂ 138, ਗੁਰਥੁੜੀ 63, ਕਣਕਵਾਲ 72 ਅਤੇ ਕਮਾਲੂ ਵਿਚ 102 ਮਰੀਜ਼ਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਦਿੱਤੀਆਂ ਗਈਆਂ | ਰਾਮਸਰਾਂ ਪਿੰਡ ਦੇ ਸਰਪੰਚ ਸਰਦੂਲ ਸਿੰਘ ਨੇ ਕਿਹਾ ਕਿ ਇਹ ਸਹੂਲਤ ਪਿੰਡ ਵਾਸੀਆਂ ਲਈ ਬਹੁਤ ਲਾਭਦਾਇਕ ਸਾਬਤ ਹੋ ਰਹੀ ਹੈ |
ਪਿਛਲੀ ਖ਼ਬਰ ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਵਿਸ਼ਿਆਂ 'ਤੇ ਸੈਮੀਨਾਰ ਅਗਲੀ ਖ਼ਬਰ ਵਿਧਾਨ ਸਭਾ ਦੀ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਪਾਵਾਂਗਾ- ਐਡਵੋਕੇਟ ਜੱਸ ਬੱਜੋਆਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।