ਸੰਗਤ ਮੰਡੀ, 19 ਫਰਵਰੀ (ਸੁਖਤੇਜ ਧਾਲੀਵਾਲ)-ਬਲਾਕ ਸੰਗਤ ਦੇ ਵੱਖ-ਵੱਖ ਪਿੰਡਾਂ ਵਿਚ ਸਿਹਤ ਕਰਮਚਾਰੀਆਂ ਵਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ | ਇਸ ਬਾਰੇ ਡਾ: ਪਾਮਿਲ ਬਾਂਸਲ ਨੇ ਕਿਹਾ ਕਿ ਲਿੰਗ ਅਨੁਪਾਤ ਵਿਚ ਸੁਧਾਰ ਲਿਆਉਣ ਲਈ ਸਾਨੂੰ ਮਾਨਸਿਕ ਸੋਚ ਬਦਲਣ ਦੀ ਲੋੜ ਹੈ | ਇਸ ਲਈ ਸਮਾਜ ਵਿਚ ਪੀ. ਸੀ. ਪੀ. ਐਨ. ਡੀ. ਟੀ. ਐਕਟ ਲਾਗੂ ਕਰਵਾਉਣ ਨਾਲ ਭਾਵੇਂ ਲਿੰਗ ਅਨੁਪਾਤ ਵਿਚ ਕਾਫ਼ੀ ਸੁਧਾਰ ਹੋਇਆ ਹੈ, ਪ੍ਰੰਤੂ ਅਜੇ ਹੋਰ ਸੁਧਾਰ ਲਈ ਕੁੜੀਆਂ ਪ੍ਰਤੀ ਸਮਾਜ ਨੂੰ ਸੰਵੇਦਨਸ਼ੀਲ ਤਰੀਕੇ ਨਾਲ ਸੋਚਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਕੁੜੀ ਅਤੇ ਮੁੰਡੇ ਵਿਚ ਫ਼ਰਕ ਨਾ ਸਮਝਣ ਅਤੇ ਐਕਟ ਦੀਆਂ ਧਾਰਾਵਾਂ ਸਬੰਧੀ ਸਿਹਤ ਵਿਭਾਗ ਵਲੋਂ ਜਾਗਰੂਕ ਕੀਤਾ ਜਾ ਰਿਹਾ ਹੈ | ਸਾਹਿਲ ਪੁਰੀ ਨੋਡਲ ਅਫ਼ਸਰ ਨੇ ਪੀ. ਸੀ. ਪੀ. ਐਨ. ਡੀ. ਟੀ. ਐਕਟ ਦੀ ਉਲਘੰਣਾ ਕਰਕੇ ਲਿੰਗ ਦੀ ਜਾਂਚ ਕਰਨ ਅਤੇ ਕਰਵਾਉਣ ਵਾਲਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਜ਼ਾਵਾਂ ਅਤੇ ਜੁਰਮਾਨੇ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਕਿਹਾ ਕਿ ਗੈਰ ਕਾਨੂੰਨੀ ਤਰੀਕੇ ਨਾਲ ਕਿਸੇ ਵਲੋਂ ਲਿੰਗ ਜਾਂਚ ਕੀਤੀ ਜਾ ਕਰਵਾਈ ਜਾਂਦੀ ਹੈ | ਉਸ ਦੀ ਸੂਚਨਾ ਤੁਰੰਤ ਸਿਹਤ ਵਿਭਾਗ ਨੂੰ ਦਿੱਤੀ ਜਾਵੇ, ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ ਅਤੇ ਸਰਕਾਰ ਵਲੋਂ ਇਨਾਮ ਵੀ ਦਿੱਤਾ ਜਾਵੇਗਾ |