ਬਠਿੰਡਾ, 19 ਫਰਵਰੀ (ਪੱਤਰ ਪ੍ਰੇਰਕ)- ਬਠਿੰਡਾ ਦੇ ਪਾਵਰ ਹਾਊਸ ਰੋਡ ਵਿਖੇ ਸਥਿਤ ਗੁਪਤਾ ਹਸਪਤਾਲ 'ਚ ਬਠਿੰਡਾ ਦੇ ਰਹਿਣ ਵਾਲੇ ਪ੍ਰਦੀਪ ਕੁਮਾਰ ਦੀ ਰੋਬੋਟਿਕ ਤਕਨੀਕ ਰਾਹੀ ਇਕ ਗੋਡੇ ਦੀ ਸਫ਼ਲਤਾਪੂਰਵਕ ਸਰਜਰੀ ਹੋਈ ਹੈ | ਜਾਂਨਸ਼ਨ ਐਂਡ ਜਾਂਨਸ਼ਨ ਰੋਬੋਟ ਨਾਲ ਇਕ ਗੋਡਾ ਬਦਲਵਾ ਕੇ ਪ੍ਰਦੀਪ ਕੁਮਾਰ ਨੂੰ ਦਰਦ ਤੋਂ ਰਾਹਤ ਮਿਲੀ ਹੈ, ਤੇ ਉਹ ਫਿਰ ਤੋਂ ਸਿਹਤਮੰਦ ਹੋ ਗਿਆ ਹੈ | ਪ੍ਰਦੀਪ ਕੁਮਾਰ ਅਨੁਸਾਰ ਉਹ ਪਿਛਲੇ ਲੰਬੇ ਸਮੇਂ ਤੋਂ ਗੋਡੇ ਦੇ ਦਰਦ ਤੋਂ ਪੇ੍ਰਸ਼ਾਨ ਸੀ, ਉਹ ਹਮੇਸ਼ਾ ਦੀ ਤਰ੍ਹਾਂ ਦੁੱਖ ਤਕਲੀਫ਼ ਵਿਚ ਰਹਿੰਦਾ ਸੀ | ਗੋਡੇ ਦਾ ਇਲਾਜ ਕਰਵਾਉਣ ਲਈ ਉਸ ਨੇ ਲੱਖਾਂ ਰੁਪਏ ਖ਼ਰਚ ਕਰਕੇ ਕਈ ਨਾਮੀ ਡਾਕਟਰਾਂ ਤੋਂ ਆਪਣਾ ਇਲਾਜ ਵੀ ਕਰਵਾਇਆ ਸੀ | ਪਰ ਉਸ ਨੂੰ ਕਿਸੇ ਤੋਂ ਵੀ ਕੋਈ ਆਰਾਮ ਨਹੀ ਮਿਲੀਆ | ਜਦੋਂ ਉਸ ਨੂੰ ਪਤਾ ਲੱਗਿਆ ਕਿ ਪਾਵਰ ਹਾਊਸ ਰੋਡ ਵਿਖੇ ਗੁਪਤਾ ਹਸਪਤਾਲ 'ਚ ਰੋਬੋਟਿਕ ਸਰਜਰੀ ਦੀ ਸ਼ੁਰੂਆਤ ਹੋਈ ਤਾ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਡਾਕਟਰ ਮੋਹਿਤ ਗੁਪਤਾ ਨੂੰ ਮਿਲੇ | ਜਿੱਥੇ ਡਾਕਟਰ ਨੇ ਉਨ੍ਹਾਂ ਨੂੰ ਟੈੱਸਟ ਕਰਵਾਉਣ ਤੋਂ ਬਾਦ ਰੋਬੋਟਿਕ ਸਰਜਰੀ ਦੀ ਸਲਾਹ ਦਿੱਤੀ ਗਈ | ਪ੍ਰਦੀਪ ਕੁਮਾਰ ਨੇ ਕਿਹਾ ਕਿ ਉਸ ਨੇ ਆਪਣੇ ਇਕ ਗੋਡੇ ਦੀ ਰੋਬੋਟਿਕ ਤਕਨੀਕ ਰਾਹੀ ਸਰਜਰੀ ਕਰਵਾ ਕੇ ਦਰਦ ਤੋਂ ਰਾਹਤ ਮਹਿਸੂਸ ਕੀਤੀ ਹੈ | ਉਹ ਹੁਣ ਆਸਾਨੀ ਨਾਲ ਤੁਰ ਸਕਦਾ ਹੈ | ਕਿਸੇ ਵੀ ਪ੍ਰਕਾਰ ਦੀ ਕੋਈ ਵੀ ਤਕਲੀਫ਼ ਨਹੀ ਹੈ | ਇਸ ਮੌਕੇ ਰੋਬੋਟਿਕ ਸਰਜਨ ਡਾ. ਮੋਹਿਤ ਗੁਪਤਾ ਨੇ ਕਿਹਾ ਕਿ ਗੁਪਤਾ ਹਸਪਤਾਲ ਵਿਚ ਅਤਿ ਆਧੁਨਿਕ ਜਾਂਨਸ਼ਨ ਐਂਡ ਜਾਂਨਸ਼ਨ ਰੋਬੋਟ ਨਾਲ ਗੋਡੇ ਬਦਲਣ ਦੀ ਸਰਜਰੀ ਕੀਤੀ ਜਾ ਰਹੀ ਹੈ | ਜਾਂਨਸ਼ਨ ਐਂਡ ਜਾਂਨਸ਼ਨ ਦਾ ਵੇਲਿਸ ਰੋਬੋਟ ਸਭ ਤੋਂ ਵਧੀਆ ਆਧੁਨਿਕ ਗੋਡੇ ਬਦਲਣ ਵਾਲਾ ਰੋਬੋਟ ਹੈ, ਜੋ ਕਿ ਗੋਡੇ ਬਦਲਣ ਵਿਚ ਵਧੀਆ ਨਤੀਜੇ ਦਿੰਦਾ ਹੈ ਅਤੇ ਗੋਡੇ ਲੰਬੇ ਸਮੇਂ ਤੱਕ ਚੱਲਦੇ ਹਨ |