ਬਠਿੰਡਾ, 19 ਫ਼ਰਵਰੀ (ਪੱਤਰ ਪ੍ਰੇਰਕ)-ਪਿੰਡ ਭੁੱਚੋ ਖ਼ੁਰਦ ਦੇ ਇਤਿਹਾਸਿਕ ਗੁਰਦੁਆਰਾ ਲਵੇਰੀਸਰ ਸਾਹਿਬ 'ਚ ਪਿਛਲੇ ਇੱਕ ਸਾਲ ਤੋਂ ਦੇਗ ਵਰਤਾਉਣ ਦੀ ਸੇਵਾ ਕਰ ਰਹੇ ਬਾਬਾ ਸੰਧੂਰਾ ਸਿੰਘ ਪਿੰਡ ਚੱਕ ਫਤਿਹ ਸਿੰਘ ਵਾਲਾ ਨੇ ਇਮਾਨਦਾਰੀ ਦਿਖਾਉਂਦਿਆਂ ਗੁਰੂ ਘਰ ਵਿਚ ਢਾਈ ਲੱਖ ਰੁਪਏ ਦੀ ਨਕਦੀ ਵਾਲਾ ਪਰਸ ਮੋੜਕੇ ਇਨਸਾਨੀਅਤ ਦਿਖਾਈ ਹੈ | ਮੁਲਤਾਨੀਆਂ ਦੇ ਬਲਤੇਜ ਸਿੰਘ ਨੇ ਦੱਸਿਆ ਕਿ ਮੀਆਂ ਪਿੰਡ ਤੋਂ ਉਨ੍ਹਾਂ ਦੀ ਭਾਣਜੀ ਦਾ ਪਿਛਲੇ ਦਿਨੀਂ ਵਿਆਹ ਭੁੱਚੋ ਖ਼ੁਰਦ ਨੇੜਲੇ ਕੌਪਰਫੀਲਡ ਮੈਰਿਜ ਪੈਲੇਸ ਵਿਚ ਹੋਇਆ ਸੀ, ਜਿਉਂ ਹੀ ਭਾਣਜੀ ਦੇ ਭੁੱਚੋ ਖ਼ੁਰਦ ਨੇੜਲੇ ਗੁਰਦੁਆਰਾ ਲਵੇਰੀਸਰ ਸਾਹਿਬ ਵਿਖੇ ਅਨੰਦ ਕਾਰਜ ਦੀ ਰਸਮ ਤੋਂ ਬਾਅਦ ਦਰਬਾਰ ਸਾਹਿਬ ਤੋਂ ਬਾਹਰ ਜੋੜੇ ਪਾਉਣ ਲੱਗੇ ਤਾਂ ਨਕਦੀ ਵਾਲਾ ਪਰਸ ਜਿਸ ਵਿਚ ਢਾਈ ਲੱਖ ਰੁਪਏ ਨਕਦ ਸਨ, ਉੱਥੇ ਹੀ ਭੁੱਲ ਗਏ | ਮੈਰਿਜ ਪੈਲੇਸ ਵਿਚ ਜਾ ਕੇ ਦੇਖਿਆ ਕਿ ਉਨ੍ਹਾਂ ਦਾ ਨਕਦੀ ਵਾਲਾ ਪਰਸ ਨਹੀਂ ਸੀ | ਆਸ-ਪਾਸ ਪੜਤਾਲ ਕਰਨ ਤੋਂ ਬਾਅਦ ਉਹ ਗੁਰਦੁਆਰਾ ਲਵੇਰੀਸਰ ਸਾਹਿਬ ਪਹੁੰਚੇ ਤਾਂ ਬਾਬਾ ਸੰਧੂਰਾ ਸਿੰਘ ਨੇ ਕਿਹਾ ਕਿ ਤੁਸੀਂ ਫ਼ਿਕਰ ਨਾ ਕਰੋ | ਦਰਬਾਰ ਸਾਹਿਬ ਦੇ ਬਾਹਰ ਪਿਆ ਪਰਸ ਉਸਨੇ ਚੁੱਕ ਲਿਆ ਸੀ, ਪਰਸ ਸੁਰੱਖਿਅਤ ਹੈ | ਉਨ੍ਹਾਂ ਨੇ ਨਕਦੀ ਵਾਲਾ ਪਰਸ ਦਿੰਦਿਆਂ ਕਿਹਾ ਕਿ ਤੁਸੀਂ ਪਰਸ ਚੈੱਕ ਕਰ ਲਵੋ, ਪਰਸ ਚੈੱਕ ਕੀਤਾ ਤਾਂ ਨਕਦੀ ਪੂਰੀ ਹੀ ਸੀ | ਪਰਸ ਵਾਪਸ ਮਿਲਣ ਤੋਂ ਬਾਅਦ ਉਨ੍ਹਾਂ ਬਾਬਾ ਸੰਧੂਰਾ ਸਿੰਘ ਦਾ ਧੰਨਵਾਦ ਕੀਤਾ | ਵਿਆਹ ਵਾਲੀ ਲੜਕੀ ਦੇ ਪਿਤਾ ਕੁਲਵੀਰ ਸਿੰਘ ਢਿੱਲੋਂ ਨੇ ਬਾਬਾ ਸੰਧੂਰਾ ਸਿੰਘ ਦਾ ਦਿਲੋਂ ਧੰਨਵਾਦ ਕੀਤਾ | ਜਿਸਨੇ ਇਨਸਾਨੀਅਤ ਦਿਖਾਉਂਦੇ ਹੋਏ ਪੈਸਿਆਂ ਵਾਲਾ ਪਰਸ ਮੋੜ ਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ |