14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

-ਮਾਮਲਾ ਕੈਂਟਰ ਦੀ ਟੱਕਰ ਨਾਲ ਨੌਜਵਾਨ ਦੀ ਹੋਈ ਮੌਤ ਦਾ- ਮਿ੍ਤਕ ਦੇ ਵਾਰਿਸਾਂ ਨੇ ਇਕ ਪੁਲਿਸ ਅਧਿਕਾਰੀ 'ਤੇ ਪੈਸੇ ਲੈ ਕੇ ਕੈਂਟਰ ਚਾਲਕ ਨੂੰ ਛੱਡਣ ਦੇ ਲਾਏ ਕਥਿਤ ਦੋਸ਼

ਅਜੀਤ ਡੈਸਕ 06-03-2026
ਤਲਵੰਡੀ ਸਾਬੋ, 5 ਮਾਰਚ (ਰਣਜੀਤ ਸਿੰਘ ਰਾਜੂ)-ਉਪ ਮੰਡਲ ਦੇ ਪਿੰਡ ਜਗ੍ਹਾ ਰਾਮ ਤੀਰਥ ਦੇ ਇਕ ਨੌਜਵਾਨ ਵਿਅਕਤੀ ਦੇ ਇਕ ਸੜਕੀ ਹਾਦਸੇ ਦੌਰਾਨ ਕੈਂਟਰ ਦੀ ਟੱਕਰ ਨਾਲ ਜ਼ਖ਼ਮੀ ਹੋ ਜਾਣ ਤੋਂ ਬਾਅਦ ਲੰਘੀ ਸ਼ਾਮ ਮੌਤ ਹੋ ਜਾਣ ਉਪਰੰਤ ਮਿ੍ਤਕ ਦੇ ਵਾਰਿਸਾਂ ਨੇ ਇਕ ਪੁਲਿਸ ਅਧਿਕਾਰੀ ਉੱਪਰ ਕਥਿਤ ਤੌਰ 'ਤੇ ਪੈਸੇ ਲੈ ਕੇ ਕੈਂਟਰ ਚਾਲਕ ਨੂੰ ਬਿਨ੍ਹਾਂ ਕਾਰਵਾਈ ਛੱਡਣ ਦੇ ਇਲਜ਼ਾਮ ਲਾਉਂਦਿਆਂ ਪੁਲਿਸ ਖਿਲਾਫ ਮੋਰਚਾ ਖੋਲ੍ਹ ਦਿੱਤਾ | ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਬਲਜਿੰਦਰ ਕੌਰ ਦੇ ਪਿੰਡ ਵਾਸੀਆਂ ਵਲੋਂ ਇਨਸਾਫ਼ ਹਾਸਿਲ ਕਰਨ ਲਈ ਬੀਤੀ ਸ਼ਾਮ ਤੋਂ ਥਾਣੇ ਅੱਗੇ ਆਰੰਭਿਆ ਧਰਨਾ ਅੱਜ ਦੂਜੇ ਦਿਨ 'ਚ ਦਾਖਿਲ ਹੋ ਗਿਆ | ਦੱਸਣਯੋਗ ਹੈ ਕਿ ਪਿੰਡ ਜਗਾ ਰਾਮ ਤੀਰਥ ਦਾ ਕੁਲਦੀਪ ਸਿੰਘ ਪੁੱਤਰ ਕਿ੍ਸ਼ਨ ਸਿੰਘ ਬੀਤੀ 13 ਫਰਵਰੀ ਨੂੰ ਟਰੈਕਟਰ 'ਤੇ ਜਾਂਦੇ ਸਮੇਂ ਇਕ ਕੈਂਟਰ ਦੀ ਟੱਕਰ ਲੱਗਣ ਕਾਰਣ ਗੰਭੀਰ ਜ਼ਖ਼ਮੀ ਹੋ ਗਿਆ | ਏਮਜ਼ ਹਸਪਤਾਲ ਬਠਿੰਡਾ 'ਚ ਜੇਰੇ ਇਲਾਜ ਕੁਲਦੀਪ ਸਿੰਘ ਦੀ ਲੰਘੀ ਸ਼ਾਮ ਮੌਤ ਹੋ ਜਾਣ ਦੀ ਖ਼ਬਰ ਤੋਂ ਬਾਅਦ ਮਿ੍ਤਕ ਦੇ ਵਾਰਿਸਾਂ ਤੇ ਇਕੱਤਰ ਪਿੰਡ ਵਾਸੀਆਂ ਨੇ ਤਲਵੰਡੀ ਸਾਬੋ ਥਾਣੇ ਦੇ ਇਕ ਏ.ਐੱਸ.ਆਈ 'ਤੇ ਕਥਿਤ ਪੈਸੇ ਲੈ ਕੇ ਕੈਂਟਰ ਚਾਲਕ ਨੂੰ ਬਿਨ੍ਹਾਂ ਕਾਰਵਾਈ ਛੱਡ ਦੇਣ ਦੇ ਕਥਿਤ ਦੋਸ਼ ਲਾਉਂਦਿਆਂ ਬਠਿੰਡਾ-ਮਾਨਸਾ ਰੋਡ ਜਾਮ ਕਰਕੇ ਥਾਣੇ ਅੱਗੇ ਧਰਨਾ ਆਰੰਭ ਦਿੱਤਾ ਭਾਂਵੇਕਿ ਬੀਤੀ ਸ਼ਾਮ ਡੀ.ਐੱਸ.ਪੀ ਤਲਵੰਡੀ ਸਾਬੋ ਹਰਪ੍ਰੀਤ ਸਿੰਘ ਵਲੋਂ ਧਰਨਾਕਾਰੀਆਂ ਦੀਆਂ ਮੰਗਾਂ ਅਨੁਸਾਰ ਕਾਰਵਾਈ ਅਮਲ 'ਚ ਲਿਆਉਣ ਦੇ ਭਰੋਸੇ ਮਗਰੋਂ ਧਰਨਾਕਾਰੀਆਂ ਨੇ ਧਰਨਾ ਚੁੱਕ ਲਿਆ ਪਰ ਅੱਜ ਪੁਲਿਸ ਅਧਿਕਾਰੀਆਂ ਤੇ ਭਰੋਸਾ ਤੋੜਨ ਦੇ ਇਲਜ਼ਾਮ ਲਾਉਂਦਿਆਂ ਵੱਡੀ ਗਿਣਤੀ ਪਿੰਡ ਵਾਸੀਆਂ ਨੇ ਭਗਤ ਰਵੀਦਾਸ ਚੌਕ ਵਿਖੇ ਸਾਰੀਆਂ ਸੜਕਾਂ 'ਤੇ ਜਾਮ ਲਗਾ ਕੇ ਫਿਰ ਜ਼ੋਰਦਾਰ ਪ੍ਰਦਰਸ਼ਨ ਆਰੰਭ ਦਿੱਤਾ | ਮਿ੍ਤਕ ਨੌਜਵਾਨ ਦੀ ਭੈਣ ਵੀਰਪਾਲ ਕੌਰ ਨੇ ਦੱਸਿਆ ਕਿ ਹਾਦਸੇ ਮਗਰੋਂ ਫੜੇ ਕੈਂਟਰ ਅਤੇ ਉਸ ਦੇ ਚਾਲਕ ਨੂੰ ਏ.ਐੱਸ.ਆਈ ਦਰਸ਼ਨ ਸਿੰਘ ਨੇ ਪੈਸੇ ਲੈ ਕੇ ਛੱਡ ਦਿੱਤਾ ਤੇ ਸਾਡੇ ਜ਼ਖ਼ਮੀ ਭਰਾ ਦੇ ਬਿਆਨ ਤੱਕ ਦਰਜ਼ ਕਰਨ ਦੀ ਕੋਸ਼ਿਸ਼ ਨਹੀ ਕੀਤੀ | ਉਨ੍ਹਾਂ ਮੰਗ ਕੀਤੀ ਕਿ ਕੈਂਟਰ ਚਾਲਕ ਤੇ ਜਿੱਥੇ ਬਣਦੀ ਕਾਰਵਾਈ ਅਮਲ ਚ ਲਿਆਂਦੀ ਜਾਵੇ ਉੱਥੇ ਏ.ਅੇੈੱਸ.ਆਈ ਨੂੰ ਮੁਅੱਤਲ ਕੀਤਾ ਜਾਵੇ ਤੇ ਮਿ੍ਤਕ ਦੀਆਂ ਦੋਵਾਂ ਬੱਚੀਆਂ ਨੂੰ ਮੁਆਵਜ਼ਾ ਦਿੱਤਾ ਜਾਵੇ | ਮਿ੍ਤਕ ਦੇ ਵਾਰਿਸਾਂ ਨੇ ਦੱਸਿਆ ਕਿ ਸਰਕਾਰ ਜਾਂ ਪ੍ਰਸ਼ਾਸਨ ਵਲੋਂ ਉਨ੍ਹਾਂ ਦੀ ਕੋਈ ਸੁਣਵਾਈ ਨਹੀ ਕੀਤੀ ਜਾ ਰਹੀ ਜਦੋਂਕਿ ਵਿਧਾਇਕਾ ਉਨ੍ਹਾਂ ਦੇ ਪਿੰਡ ਦੇ ਹਨ | ਉੱਧਰ ਧਰਨੇ 'ਚ ਸ਼ਾਮਿਲ ਹਲਕਾ ਵਿਧਾਇਕਾ ਦੇ ਭਰਾ ਐਡਵੋਕੇਟ ਉਦੈਵੀਰ ਸਿੰਘ ਨੇ ਕਿਹਾ ਕਿ ਅਸੀਂ ਪੀੜਤ ਪਰਿਵਾਰ ਦੇ ਨਾਲ ਖੜ੍ਹੇ ਹਾਂ ਤੇ ਇਨਸਾਫ਼ ਦਿਵਾਉਣ ਲਈ ਹਰ ਯਤਨ ਕਰਾਂਗੇ | ਦੂਜੇ ਪਾਸੇ ਥਾਣਾ ਮੁਖੀ ਹਰਬੰਸ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਨੌਜਵਾਨ ਦੇ ਬਿਆਨ ਲੈਣ ਦੀ ਪੁਲਿਸ ਨੇ ਕੋਸ਼ਿਸ਼ ਕੀਤੀ ਸੀ ਪਰ ਉਦੋਂ ਡਾਕਟਰਾਂ ਨੇ ਮਨ੍ਹਾ ਕਰ ਦਿੱਤਾ ਸੀ ਹੁਣ ਮੌਤ ਦੀ ਖ਼ਬਰ ਮਿਲਦਿਆਂ ਹੀ ਅਸੀਂ ਕੈਂਟਰ ਚਾਲਕ ਵਿਨੋਦ ਕੁਮਾਰ ਪੁੱਤਰ ਹੇਤ ਰਾਮ ਵਾਸੀ ਗੋਲੇਵਾਲਾ, ਸ੍ਰੀ ਗੰਗਾਨਗਰ (ਰਾਜਸਥਾਨ) ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਜਲਦ ਉਸ ਨੰੂ ਗਿ੍ਫ਼ਤਾਰ ਕਰ ਲਵਾਂਗੇ |
ਪਿਛਲੀ ਖ਼ਬਰ ਕਾਂਗਰਸ ਨੇ ਮੋਦੀ ਤੇ ਮਾਨ ਸਰਕਾਰ 'ਤੇ ਚੁੱਕੇ ਸਵਾਲ, ਮਨਰੇਗਾ ਤੇ ਔਰਤਾਂ ਦਾ ਮੰਗਿਆ 48 ਹਜ਼ਾਰ ਅਗਲੀ ਖ਼ਬਰ ਹਲਕਾ ਬਠਿੰਡਾ ਦਿਹਾਤੀ ਅਤੇ ਭੁੱਚੋ ਦੀਆਂ ਬਲਾਕ ਸੰਮਤੀਆਂ ਦੀਆਂ ਚੇਅਰਮੈਨੀਆਂ 'ਤੇ ਅਕਾਲੀ ਦਲ ਹੋਇਆ ਕਾਬਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।