ਭਗਤਾ ਭਾਈਕਾ, 30 ਅਪ੍ਰੈਲ (ਸੁਖਪਾਲ ਸਿੰਘ ਸੋਨੀ)-ਪਿਛਲੇ ਕਾਫ਼ੀ ਦਿਨਾਂ ਤੋਂ ਸੂਬੇ ਅੰਦਰ ਬਿਜਲੀ ਸਪਲਾਈ ਵਿਵਸਥਾ ਦੀ ਬੁਰੀ ਹਾਲਤ ਨੂੰ ਲੈ ਕੇ ਲੋਕਾਂ ਵਿਚ ਰੋਸ ਦੇਖਣ ਨੂੰ ਮਿਲ ਰਿਹਾ ਹੈ | ਓਥੇ ਹੀ ਪਿੰਡਾਂ ਅਤੇ ਸ਼ਹਿਰਾਂ ਵਿਚ ਲੱਗਦੇ ਲੰਮੇ-ਲੰਮੇ ਬਿਜਲੀ ਕੱਟਾਂ ਦਾ ਅਸਰ ਖੇਤੀ ਕਿੱਤੇ ਸਮੇਤ ਹੋਰਨਾਂ ਵਪਾਰਿਕ ਅਦਾਰਿਆਂ ਉਪਰ ਵੀ ਹੋ ਰਿਹਾ ਹੈ | ਇਸੇ ਸਮੱਸਿਆ ਨੂੰ ਲੈਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਵਲੋਂ ਅੱਜ ਸੂਬੇ ਭਰ ਅੰਦਰ ਸਬ ਡਵੀਜਨਾਂ ਐਕਸੀਅਨ ਦਫ਼ਤਰਾਂ ਅੱਗੇ ਚਾਰ ਘੰਟਿਆਂ ਦੇ ਧਰਨੇ ਪ੍ਰਦਰਸ਼ਨ ਦਾ ਸੱਦਾ ਦਿੱਤਾ ਗਿਆ | ਇਸੇ ਤਹਿਤ ਭਾਕਿਯੂ ਕ੍ਰਾਂਤੀਕਾਰੀ ਪੰਜਾਬ ਦੇ ਬਲਾਕ ਭਗਤਾ ਵਲੋਂ ਸਥਾਨਕ ਬਿਜਲੀ ਗਰਿੱਡ ਵਿਖੇ ਰੋਸ ਧਰਨਾ ਦਿੱਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖਜ਼ਾਨਚੀ ਕਰਮਜੀਤ ਸਿੰਘ ਰਿਟਾ: ਜੇ ਈ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਅੰਦਰ ਬਿਜਲੀ ਸਪਲਾਈ ਦੇ ਅਣਐਲਾਨੇ ਕੱਟਾਂ ਨੇ ਲੋਕਾਂ ਨੂੰ ਗਰਮੀ ਵਿਚ ਰਾਤਾਂ ਬਿਤਾਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ | ਉਨ੍ਹਾਂ ਕਿਹਾ ਪੰਜਾਬ ਸਰਕਾਰ ਵਲੋਂ ਬਿਜਲੀ ਸਪਲਾਈ ਨੂੰ ਲੈਕੇ ਵੱਡੇ ਵੱਡੇ ਦਾਅਵੇ ਕੀਤੇ ਗਏ ਸਨ, ਪਰ ਹਕੀਕਤ ਇਸ ਤੋਂ ਉਲਟ ਹੈ | ਪੰਜਾਬ ਅੰਦਰ ਗਰਮੀ ਸੀਜਨ ਦੌਰਾਨ ਅÏਸਤਨ ਮੰਗ ਕਰੀਬ 12000 ਹੁੰਦੀ ਹੈ | ਇਸ ਵਕਤ ਸਪਲਾਈ ਕਰੀਬ 4200 ਮੈਗਾ ਵਾਟ ਹੀ ਦਿੱਤੀ ਜਾ ਰਹੀ ਹੈ, ਜੋਕਿ ਬਿਲਕੁੱਲ ਨਾ ਮਾਤਰ ਹੀ ਹੈ | ਉਨ੍ਹਾਂ ਕਿਹਾ ਕਿ ਸੂਬੇ ਅੰਦਰ ਹਾੜ੍ਹੀ ਦਾ ਸੀਜਨ ਸਮਾਪਤ ਹੋਣ ਦੀ ਕਗਾਰ ਉਪਰ ਹੈ ਤੇ ਇਨ੍ਹਾਂ ਦਿਨਾਂ ਵਿਚ ਖੇਤਾਂ ਲਈ ਚੱਲਦੀ ਬਿਜਲੀ ਸਪਲਾਈ ਵੀ ਪੂਰੀ ਨਹੀਂ ਮਿਲ ਰਹੀ | ਮੱਕੀ ਕਾਸ਼ਤ ਕਿਸਾਨਾਂ ਸਮੇਤ ਪਸ਼ੂਆਂ ਲਈ ਬੀਜੇ ਹੋਏ ਹਰੇ ਚਾਰੇ ਨੂੰ ਪਾਣੀ ਨਾ ਮਿਲਣ ਦੇ ਚੱਲਦਿਆਂ ਉਸ ਦੇ ਮੱਚਣ ਦਾ ਡਰ ਸਤਾ ਰਿਹਾ ਹੈ | ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਹ ਸਮੱਸਿਆ ਦਾ ਜਲਦ ਹੱਲ ਨਹੀਂ ਹੁੰਦਾ ਤਾਂ ਆਉਣ ਵਾਲੇ ਦਿਨਾਂ ਅੰਦਰ ਕਿਸਾਨਾਂ ਵਲੋਂ ਵੱਡੇ ਪੱਧਰ ਉੱਪਰ ਸੰਘਰਸ਼ ਵਿੱਢਿਆ ਜਾਵੇਗਾ | ਇਸ ਮੌਕੇ ਅੱਜ ਦੇ ਇਸ ਧਰਨੇ ਪ੍ਰਦਰਸ਼ਨ ਦੌਰਾਨ ਕਿਸਾਨਾਂ ਵਲੋਂ ਸ/ਡ ਭਗਤਾ ਭਾਈਕਾ ਐਕਸੀਅਨ ਨੂੰ ਮੰਗ ਪੱਤਰ ਸੌਂਪਣ ਮਗਰੋਂ ਇਹ ਧਰਨਾ ਪ੍ਰਦਰਸ਼ਨ ਸਮਾਪਤ ਕੀਤਾ ਗਿਆ | ਇਸ ਮੌਕੇ ਬਲਾਕ ਭਗਤਾ ਪ੍ਰਧਾਨ ਬੂਟਾ ਬਾਜਵਾ ਕੋਠਾਗੁਰੂ ਤੇ ਸਕੱਤਰ ਕਾਕਣ ਸਿੰਘ ਬਾਠ, ਬਲਾਕ ਫੂਲ਼ ਪ੍ਰਧਾਨ ਗੁਰਪ੍ਰੀਤ ਸਿੰਘ ਢਿਪਾਲੀ, ਭਗਤਾ ਬਲਾਕ ਖਜਾਨਚੀ ਮਾ: ਸੁਲੱਖਣ ਸਿੰਘ ਭਗਤਾ, ਢਿਪਾਲੀ ਇਕਾਈ ਪ੍ਰਧਾਨ ਕੌਰ ਸਿੰਘ, ਕੌਰ ਸਿੰਘ ਗੁਰੂਸਰ, ਕਾਲਾ ਸਿੰਘ ਭਗਤਾ, ਪੰਮੀ ਸਿੰਘ ਭਗਤਾ, ਹਰਬੰਸ ਕੋਠਾਗੁਰੂ ਤੋੰ ਇਲਾਵਾ ਹੋਰ ਵੀ ਕਿਸਾਨ ਹਾਜ਼ਰ ਸਨ |