ਭੁੱਚੋ ਮੰਡੀ, 19 ਮਈ (ਪਰਵਿੰਦਰ ਸਿੰਘ ਜੌੜਾ)-ਸਥਾਨਕ ਪੀ. ਐਮ. ਸ਼੍ਰੀ ਸਰਕਾਰੀ ਕੰਨਿਆ ਹਾਈ ਸਕੂਲ ਵਿਖੇ ਵਿਦਿਆਰਥੀਆਂ ਦਾ ਮੈਥ ਫੋਬੀਆ ਦੂਰ ਕਰਨ ਲਈ ਸਕੂਲ ਮੁਖੀ ਡਾ: ਗੁਰਪ੍ਰੀਤ ਕੌਰ ਦੀ ਅਗਵਈ ਵਿਚ ਵੈਦਿਕ ਮੈਥ ਵਰਕਸ਼ਾਪ ਲਗਾਈ ਗਈ, ਦੌਰਾਨ ਭਾਰਤ ਦੀ ਘੱਟ ਉਮਰ ਦੀ ਵੈਦਿਕ ਮੈਥ ਟਰੇਨਰ ਅਤੇ ਸਟੇਟ ਐਵਾਰਡੀ ਅਪੇਕਸ਼ਾ ਨੇ ਵਿਦਿਆਰਥਣਾਂ ਨੂੰ ਵੱਡਮੁੱਲੀ ਜਾਣਕਾਰੀ ਦਿੱਤੀ | ਅਪੇਕਸ਼ਾ ਨੇ ਦੱਸਿਆ ਕਿ ਵੈਦਿਕ ਮੈਥ ਦੇ ਸੂਤਰਾਂ (ਫਾਰਮੂਲਿਆਂ) ਨਾਲ ਵੱਡੀ ਤੋਂ ਵੱਡੀ ਗੁਣਾ, ਭਾਗ, ਵਰਗ, ਵਰਗਮੂਲ, ਘਣ ਅਤੇ ਘਣਮੂਲ ਜਿਹੇ ਸਵਾਲ ਬਹੁਤ ਘੱਟ ਸਮੇਂ ਵਿਚ ਹੱਲ ਕੀਤੇ ਜਾ ਸਕਦੇ ਹਨ | ਵੱਡੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਵਿਚ ਜਿੱਥੇ ਘੱਟ ਸਮੇਂ ਵਿਚ ਜ਼ਿਆਦਾ ਸਵਾਲ ਹੱਲ ਕਰਨੇ ਹੁੰਦੇ ਹਨ, ਵੈਦਿਕ ਮੈਥ ਦਾ ਤਰੀਕਾ ਸਮਾਂ ਬਚਾਉਣ ਵਿਚ ਮੱਦਦ ਕਰਦਾ ਹੈ | ਜੋ ਬੱਚੇ ਹਿਸਾਬ ਵਿਸ਼ੇ ਤੋ ਡਰਦੇ ਹਨ, ਜੇਕਰ ਉਹ ਆਪਣਾ ਪੜ੍ਹਨ ਦਾ ਤਰੀਕਾ ਬਦਲ ਲੈਣ ਤਾਂ ਹਿਸਾਬ ਸਭ ਤੋਂ ਮਜ਼ੇਦਾਰ ਵਿਸ਼ਾ ਬਣ ਜਾਂਦਾ ਹੈ | ਸਕੂਲ ਮੁਖੀ ਡਾ: ਗੁਰਪ੍ਰੀਤ ਕੌਰ ਨੇ ਕਿਹਾ ਕਿ ਸਿਰਫ਼ 17 ਸਾਲ ਦੀ ਉਮਰ ਵਿਚ ਹੀ ਅਪੇਕਸ਼ਾ ਅਨੇਕਾਂ ਵਿਸ਼ਵ ਰਿਕਾਰਡ ਅਤੇ ਇੰਡੀਆ ਬੁੱਕ ਰਿਕਾਰਡ ਵੀ ਆਪਣੇ ਨਾਂਅ ਕਰ ਚੁੱਕੀ ਹੈ | ਇਸ ਮੌਕੇ ਅਪੇਕਸ਼ਾ ਨੂੰ ਸਕੂਲ ਵਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਵਰਕਸ਼ਾਪ ਦੌਰਾਨ ਅਧਿਆਪਕਾ ਕਮਲਪ੍ਰੀਤ ਕੌਰ, ਸੁਰਿੰਦਰ ਕੌਰ, ਸੋਨਲ ਗੋਇਲ, ਅਮਰਜੀਤ ਕੌਰ, ਹਿਮਾਨੀ, ਊਸ਼ਾ ਰਾਣੀ, ਹਰਮਨਪ੍ਰੀਤ ਕੌਰ, ਬੇਅੰਤ ਕੌਰ ਅਤੇ ਮੋਨਿਕਾ ਰਾਣੀ ਵੀ ਹਾਜ਼ਰ ਸਨ |