ਰਾਮਾਂ ਮੰਡੀ, 19 ਮਈ (ਤਰਸੇਮ ਸਿੰਗਲਾ) ਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀਆਂ ਅਤੇ ਕਾਗਜ਼ਾਂ ਦੀ ਪੜ੍ਹਤਾਲ ਤੱਕ ਜੋ ਧੱਕੇਸ਼ਾਹੀ ਰਾਮਾਂ ਨਗਰ ਕੌਂਸਲ ਦਫ਼ਤਰ ਵਿਚ ਪੁਲਿਸ ਵਲੋਂ ਕੀਤੀ ਗਈ, ਉਹ ਨਗਰ ਕੌਂਸਲ ਚੋਣਾਂ ਨਹੀਂ , ਸਗੋਂ ਸਰਕਾਰ ਦੇ ਜ਼ਬਰ ਦਾ ਕਥਿਤ ਸਬੂਤ ਹੈ | ਜਿਸ ਸਬੰਧੀ ਪੀੜ੍ਹਤਾਂ ਵਲੋਂ ਰਾਮਾਂ ਪੁਲਿਸ ਨੂੰ ਲਿਖਤੀ ਦਰਖਾਸਤਾਂ ਵੀ ਦਿੱਤੀਆਂ ਗਈਆਂ ਹਨ | ਇਹ ਬਿਆਨ ਦਿੰਦੇ ਰਾਮਾਂ ਵਪਾਰ ਮੰਡਲ ਦੇ ਪ੍ਰਧਾਨ ਮਹੇਸ਼ ਕੁਮਾਰ ਬਿੰਦਲ ਨੇ ਕਿਹਾ ਕਿ ਪੁਲਿਸ ਧੱਕੇਸ਼ਾਹੀ ਨੂੰ ਲੈ ਕੇ ਰਾਮਾਂ ਮੰਡੀ ਦੇ ਲੋਕਾਂ ਵਿਚ ਸਰਕਾਰ ਅਤੇ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜਦੋਂ ਲੋਕਾਂ ਨੂੰ ਆਪਣੇ ਨਾਮਜ਼ਦਗੀ ਕਾਗਜ਼ ਭਰਣ ਅਤੇ ਉਨ੍ਹਾਂ ਦੀ ਰੱਖਿਆ ਕਰਨ ਲਈ ਹੀ ਜਾਨ ਜੋਖਮ ਵਿਚ ਪਾ ਕੇ ਸੰਘਰਸ਼ ਕਰਨਾ ਪਿਆ ਹੈ, ਤਾਂ ਲੋਕਾਂ ਦਾ ਨਿਰਪੱਖ ਚੋਣਾਂ ਪ੍ਰਤੀ ਵਿਸ਼ਵਾਸ ਕਮਜ਼ੋਰ ਹੋਣਾ ਸੁਭਾਵਿਕ ਹੈ | ਚੋਣਾਂ ਦੀ ਇਸ ਪ੍ਰਕਿਰਿਆ ਤੋਂ ਸ਼ਹਿਰ ਦਾ ਇਕ ਵੀ ਨਾਗਰਿਕ ਸੰਤੁਸ਼ਟ ਨਹੀਂ ਹੈ, ਤਾਂ ਨਗਰ ਕੌਂਸਲ ਚੋਣਾਂ ਦਾ ਕੋਈ ਮਤਲਬ ਨਹੀਂ ਰਹਿ ਗਿਆ ਹੈ | ਮਹੇਸ਼ ਕੁਮਾਰ ਬਿੰਦਲ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਚੋਣ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਨਿਰਪੱਖ ਬਣਾਉਣ ਲਈ ਉਚਿਤ ਕਦਮ ਚੁੱਕੇ ਜਾਣ ਤਾਂ ਜੋ ਲੋਕਾਂ ਦਾ ਲੋਕਤੰਤਰੀ ਪ੍ਰਕਿਰਿਆ 'ਤੇ ਭਰੋਸਾ ਬਣਿਆ ਰਹੇ | ਉਨ੍ਹਾਂ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲੋਕਾਂ ਦੇ ਵਿਸ਼ਵਾਸ ਨਾਲ ਹੀ ਸੰਭਵ ਹੈ, ਕਿਉਂਕਿ ਉਮੀਦਵਾਰਾਂ ਦੀ ਜਿੱਤ ਹਾਰ ਦਾ ਫੈਸਲਾ ਲੋਕਾਂ ਨੇ ਹੀ ਕਰਨਾ ਹੁੰਦਾ ਹੈ, ਇਸ ਲਈ ਕਿਸੇ ਵੀ ਤਰ੍ਹਾਂ ਦੀ ਕਥਿਤ ਧੱਕੇਸ਼ਾਹੀ ਲੋਕਤੰਤਰੀ ਪ੍ਰਣਾਲੀ ਨੂੰ ਕਮਜ਼ੋਰ ਕਰਦੀ ਹੈ |