ਲਹਿਰਾਗਾਗਾ, 19 ਮਈ (ਅਸ਼ੋਕ ਗਰਗ)-ਲਹਿਰਾਗਾਗਾਗਾ ਦੇ ਸਫਾਈ ਸੇਵਕਾਂ ਦੀ ਹੜਤਾਲ 14ਵੇਂ ਦਿਨ ਵੀ ਜਾਰੀ ਰਹੀ | ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕਰਦਿਆਂ ਸਫਾਈ ਸੇਵਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਛੇਤੀ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ, ਤਾਂ ਤਿੱਖਾ ਸੰਘਰਸ਼ ਵਿੱਢ ਦਿੱਤਾ ਜਾਵੇਗਾ | ਪ੍ਰਧਾਨ ਸੁਖਵਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਗਰ ਕੌਂਸਲ ਦੇ ਦਫਤਰ ਮੂਹਰੇ ਚੱਲ ਰਹੇ ਧਰਨੇ 'ਚ ਸਾਰੇ ਸਫਾਈ ਸੇਵਕ, ਸੀਵਰਮੈਨ, ਮਾਲੀ, ਬੇਲਦਾਰ, ਸਟਰੀਟ ਲਾਇਟ ਅਪਰੇਟਰ, ਪੰਪ ਅਪਰੇਟਰ ਅਤੇ ਕਲੈਰੀਕਲ ਸਟਾਫ ਹੜਤਾਲ 'ਤੇ ਹਨ | ਉਨ੍ਹਾਂ ਕਿਹਾ ਕਿ ਸਫ਼ਾਈ ਸੇਵਕ ਪਿਛਲੇ ਲੰਮੇ ਸਮੇਂ ਤੋਂ ਘੱਟ ਤਨਖ਼ਾਹਾਂ 'ਤੇ ਸ਼ਹਿਰਾਂ ਅਤੇ ਕਸਬਿਆਂ ਦੀ ਸਫ਼ਾਈ ਦਾ ਭਾਰੀ ਕੰਮ ਕਰ ਰਹੇ ਹਨ, ਪਰ ਸਰਕਾਰਾਂ ਵਲੋਂ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਤੱਕ ਨਹੀਂ ਦਿੱਤੀਆਂ ਜਾ ਰਹੀਆਂ | ਉਨ੍ਹਾਂ ਕਿਹਾ ਕਿ ਕਿਸੇ ਵੀ ਦੁਰਘਟਨਾ ਦੌਰਾਨ ਸਫ਼ਾਈ ਸੇਵਕਾਂ ਨੂੰ ਯੋਗ ਮੁਆਵਜ਼ਾ ਨਾ ਦੇਣਾ ਸਰਕਾਰਾਂ ਦੀ ਨਾਕਾਮੀ ਅਤੇ ਸ਼ਰਮਨਾਕ ਗੱਲ ਹੈ | ਸਫ਼ਾਈ ਕਰਮਚਾਰੀ ਹਰ ਰੋਜ਼ ਆਪਣੀ ਜਾਨ ਜੋਖਮ 'ਚ ਪਾ ਕੇ ਲੋਕਾਂ ਨੂੰ ਸਾਫ਼-ਸੁਥਰਾ ਮਾਹੌਲ ਪ੍ਰਦਾਨ ਕਰਦੇ ਹਨ, ਪਰ ਉਨ੍ਹਾਂ ਦੇ ਹੱਕਾਂ ਅਤੇ ਸੁਰੱਖਿਆ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ | ਸਫਾਈ ਸੇਵਕਾਂ ਦੇ ਇਸ ਧਰਨੇ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਦੀ ਧਰਮਪਤਨੀ ਗਗਨਦੀਪ ਕੌਰ ਢੀਂਡਸਾ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੈਂਬਰ ਦੁਰਲੱਭ ਸਿੰਘ ਸਿੱਧੂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਮੈਂਬਰ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਬਿੱਕਰ ਸਿੰਘ ਹਥੋਆ ਨੇ ਪਹੁੰਚਕੇ ਡਟਵੀਂ ਹਮਾਇਤ ਦਿੱਤੀ | ਲੋਕ ਚੇਤਨਾ ਮੰਚ, ਲਹਿਰਾਗਾਗਾ ਵੱਲੋਂ ਸ਼ਹਿਰ ਦੇ ਸਫਾਈ ਸੇਵਕਾਂ ਦੀ ਚੱਲ ਰਹੀ ਹੜਤਾਲ ਦੀ ਪੂਰੀ ਹਮਾਇਤ ਦਾ ਐਲਾਨ ਕੀਤਾ ਗਿਆ ਹੈ | ਮੰਚ ਦੇ ਪ੍ਰਧਾਨ ਗਿਆਨ ਚੰਦ ਸ਼ਰਮਾ, ਮੀਤ ਪ੍ਰਧਾਨ ਜਗਜੀਤ ਭੁਟਾਲ ਅਤੇ ਸਕੱਤਰ ਹਰਭਗਵਾਨ ਗੁਰਨੇ ਨੇ ਕਿਹਾ ਕਿ ਸਫਾਈ ਸੇਵਕ ਲੰਮੇ ਸਮੇਂ ਤੋਂ ਆਪਣੀਆਂ ਜਾਇਜ਼ ਮੰਗਾਂ ਲਈ ਸੰਘਰਸ਼ ਕਰ ਰਹੇ ਹਨ, ਪਰ ਸਰਕਾਰ ਅਤੇ ਸੰਬੰਧਤ ਅਧਿਕਾਰੀਆਂ ਵਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਅਣਡਿੱਠਾ ਕੀਤਾ ਜਾ ਰਿਹਾ ਹੈ | ਜਗਦੀਸ਼ ਪਾਪੜਾ, ਮਹਿੰਦਰ ਸਿੰਘ ਅਤੇ ਸ਼ਮਿੰਦਰ ਸਿੰਘ ਨੇ ਕਿਹਾ ਕਿ ਸਫਾਈ ਸੇਵਕਾਂ ਨੂੰ ਪੱਕੀ ਨੌਕਰੀ, ਉਚਿਤ ਤਨਖਾਹ ਅਤੇ ਸੁਰੱਖਿਅਤ ਕੰਮਕਾਜ ਦੇ ਹਾਲਾਤ ਮਿਲਣੇ ਚਾਹੀਦੇ ਹਨ |