01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਨਗਰ ਨਿਗਮ ਬਠਿੰਡਾ ਦੀਆਂ ਚੋਣਾਂ 'ਚ ਵੋਟਾਂ ਤੋਂ ਪਹਿਲਾਂ 'ਆਪ' ਦੀ ਪਹਿਲੀ ਵੱਡੀ ਜਿੱਤ

ਅਜੀਤ ਡੈਸਕ 20-05-2026

ਬਠਿੰਡਾ, 19 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਨਗਰ ਨਿਗਮ ਬਠਿੰਡਾ ਦੀਆਂ ਚੋਣਾਂ ਵਿਚ ਵੋਟਾਂ ਤੋਂ ਪਹਿਲਾਂ ਹੀ ਸੂਬੇ ਦੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ (ਆਪ) ਨੇ ਖਾਤਾ ਖੋਲ੍ਹਦੇ ਹੋਏ ਪਹਿਲੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ, ਜਿਸ ਵਿਚ ਨਗਰ ਨਿਗਮ ਬਠਿੰਡਾ ਦੇ ਸਾਬਕਾ ਮੇਅਰ ਅਤੇ ਪੰਜਾਬ ਕਿ੍ਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦੇ ਸਪੁੱਤਰ ਪਦਮਜੀਤ ਸਿੰਘ ਮਹਿਤਾ ਬਿੰਨਾਂ ਮੁਕਾਬਲਾ ਵਾਰਡ ਨੰਬਰ 46 ਤੋਂ ਕੌਂਸਲਰ ਦੀ ਚੋਣ ਜਿੱਤ ਗਏ ਹਨ | ਉਨ੍ਹਾਂ ਦੀ ਚੋਣ ਜਿੱਤਣ ਦਾ ਰਾਹ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਮਨਦੀਪ ਸਿੰਘ ਰਾਜਾ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਸੁਨੀਲ ਕੁਮਾਰ ਵਲੋਂ ਨਾਮਜ਼ਦਗੀਆਂ ਵਾਪਸ ਲੈਣ ਦੇ ਆਖ਼ਰੀ ਦਿਨ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਕੇ ਚੋਣ ਮੈਦਾਨ 'ਚੋਂ ਪਿੱਛੇ ਹਟਣ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਇੰਜ਼. ਰਾਜਨਦੀਪ ਸਿੰਘ ਦੇ ਕਾਗ਼ਜ਼ ਰੱਦ ਹੋਣ ਬਾਅਦ ਪੱਧਰਾ ਹੋਇਆ ਹੈ | ਉਨ੍ਹਾਂ ਨੂੰ ਚੋਣ ਅਧਿਕਾਰੀਆਂ ਨੇ ਅੱਜ ਬਿਨਾਂ ਮੁਕਾਬਲੇ ਜੇਤੂ ਕਰਾਰ ਦੇ ਦਿੱਤਾ ਹੈ | ਵੋਟਾਂ ਤੋਂ ਪਹਿਲਾਂ ਇਹ ਜਿੱਤ ਆਪ ਲਈ ਬੜੀ ਅਹਿਮ ਮੰਨੀ ਜਾ ਰਹੀ ਹੈ | ਪਦਮਜੀਤ ਸਿੰਘ ਮਹਿਤਾ ਨੇ ਪਹਿਲੀਵਾਰ ਸਰਗਰਮ ਸਿਆਸਤ 'ਚ ਪੈਰ ਧਰਦਿਆਂ ਨਗਰ ਨਿਗਮ ਦੇ ਵਾਰਡ ਨੰਬਰ 48 ਤੋਂ ਕੌਂਸਲਰ ਦੀ ਉੱਪ-ਚੋਣ ਜਿੱਤ ਕੇ 'ਆਪ' ਦੀ ਝੋਲੀ ਪਾਈ ਸੀ ਤੇ ਉਹ 'ਆਪ' ਦੇ ਇਕਲੌਤੇ ਕੌਂਸਲਰ ਹੋਣ ਦੇ ਬਾਵਜੂਦ ਮੇਅਰ ਚੁਣੇ ਗਏ ਸਨ |
ਵਿਕਾਸ ਅਤੇ ਭਰੋਸੇ ਦੀ ਹੋਈ ਜਿੱਤ- ਪਦਮਜੀਤ ਮਹਿਤਾ
ਪਦਮਜੀਤ ਸਿੰਘ ਮਹਿਤਾ ਨੇ ਆਪਣੀ ਜਿੱਤ ਨੂੰ ਵਿਕਾਸ ਅਤੇ ਭਰੋਸੇ ਦੀ ਜਿੱਤ ਦੱਸਦੇ ਹੋਏ ਕਿਹਾ ਕਿ ਵਿਰੋਧੀ ਉਮੀਦਵਾਰਾਂ ਦਾ ਪਿੱਛੇ ਹਟਣਾ ਇਸ ਗੱਲ ਦਾ ਸੰਕੇਤ ਹੈ ਕਿ ਲੋਕ ਵਿਕਾਸ ਦੀ ਰਾਜਨੀਤੀ ਦਾ ਸਮਰਥਨ ਕਰ ਰਹੇ ਹਨ ਅਤੇ ਸਮੁੱਚੇ ਵਾਰਡਾਂ 'ਚ ਉਨ੍ਹਾਂ ਦੀ ਪਾਰਟੀ ਜਿੱਤ ਪ੍ਰਾਪਤ ਕਰੇਗੀ | ਉਨ੍ਹਾਂ ਵਾਰਡ ਨੰਬਰ 46 ਦੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ | ਪੰਜਾਬ ਕਿ੍ਕਟ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਪਦਮਜੀਤ ਮਹਿਤਾ ਦੇ ਪਿਤਾ ਅਮਰਜੀਤ ਮਹਿਤਾ ਨੇ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਅਤੇ ਸ਼ਹਿਰ 'ਚ ਹੋ ਰਹੇ ਵਿਕਾਸ ਦਾ ਲਾਭ ਪਾਰਟੀ ਨੂੰ ਆਗਾਮੀ ਚੋਣਾਂ 'ਚ ਵੀ ਮਿਲੇਗਾ | ਉਨ੍ਹਾਂ ਆਸ ਪ੍ਰਗਟ ਕੀਤੀ ਕਿ ਇਸੇ ਤਰ੍ਹਾਂ ਸਮੁੱਚਾ ਸ਼ਹਿਰ 26 ਮਈ ਨੂੰ ਆਪ ਉਮੀਦਵਾਰਾਂ ਦੇ ਹੱਕ 'ਚ ਭੁਗਤੇਗਾ |

ਪਿਛਲੀ ਖ਼ਬਰ 20 ਹਜ਼ਾਰ ਦੀ ਨਕਦੀ ਤੇ ਚੇਨ ਖੋਹੀ ਅਗਲੀ ਖ਼ਬਰ ਸਫਾਈ ਸੇਵਕਾਂ ਦੀ ਹੜਤਾਲ 14ਵੇਂ ਦਿਨ 'ਚ ਪਹੁੰਚੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।