ਬਠਿੰਡਾ, 4 ਜੂਨ (ਸੱਤਪਾਲ ਸਿੰਘ ਸਿਵੀਆਂ)-ਆਪਣੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਮਾਰਕਫੈੱਡ ਦੇ ਸੇਵਾਮੁਕਤ ਖੇਤਰੀ ਮੁਲਾਜ਼ਮਾਂ ਵਲੋਂ ਮਾਰਕਫੈੱਡ ਰਿਟਾਇਰਡ ਫ਼ੀਲਡ ਇੰਪਲਾਈਜ਼ ਵੈੱਲਫ਼ੇਅਰ ਐਸੋਸੀਏਸ਼ਨ ਪੰਜਾਬ ਦੇ ਝੰਡੇ ਹੇਠਾਂ ਬਠਿੰਡਾ ਵਿਖੇ ਮਾਰਕਫੈੱਡ ਦੇ ਜ਼ਿਲ੍ਹਾ ਦਫ਼ਤਰ ਸਾਹਮਣੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿਚ ਬਠਿੰਡਾ, ਮਾਨਸਾ, ਫ਼ਰੀਦਕੋਟ, ਫ਼ਤਹਿਗੜ੍ਹ ਸਾਹਿਬ, ਪਟਿਆਲਾ, ਫ਼ਿਰੋਜ਼ਪੁਰ, ਜਲਾਲਾਬਾਦ, ਮੁਕਤਸਰ, ਗੁਰਦਾਸਪੁਰ, ਸੰਗਰੂਰ ਆਦਿ ਜ਼ਿਲਿ੍ਹਆਂ ਦੇ ਮੁਲਾਜ਼ਮਾਂ ਨੇ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ | ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਪਾਲ ਸਿੰਘ ਸਿੱਧੂ ਅਤੇ ਸੂਬਾ ਜਨਰਲ ਸਕੱਤਰ ਅਸ਼ਵਨੀ ਕੁਮਾਰ ਨੇ ਕਿਹਾ ਕਿ ਮਾਰਕਫੈੱਡ ਮੈਨੇਜਮੈਂਟ ਵਲੋਂ ਨਜਾਇਜ਼ ਤੌਰ 'ਤੇ ਸੇਵਾਮੁਕਤ ਫ਼ੀਲਡ ਮੁਲਾਜ਼ਮਾਂ ਦੀ ਗ੍ਰੈਚੁਟੀ, ਲੀਵ ਇਨਕੈਸ਼ਮੈਂਟ ਤੇ 6ਵੇਂ ਪੇ-ਕਮਿਸ਼ਨ ਦੇ ਬਕਾਏ ਰੋਕੇ ਹੋਏ ਹਨ, ਜਿਸ ਕਾਰਨ ਉਹ ਆਰਥਿਕ ਤੇ ਮਾਨਸਿਕ ਤੌਰ 'ਤੇ ਬੇਹੱਦ ਪ੍ਰੇਸ਼ਾਨ ਹਨ | ਉਨ੍ਹਾਂ ਦੱਸਿਆ ਕਿ ਕਣਕ ਦੀ ਖ਼ਰੀਦ ਸਮੇਂ ਬੇਮੌਸਮੇ ਮੀਹਾਂ, ਗਰਮ ਹਵਾਵਾਂ, ਖੁੱਲ੍ਹੇ ਪਲੰਥਾਂ, ਕੱਚੇ 'ਚ ਅਨਾਜ ਖ਼ਰਾਬ ਹੋਣ ਅਤੇ ਭਾਰਤੀ ਖ਼ੁਰਾਕ ਨਿਗਮ ਵਲੋਂ ਸਮੇਂ ਸਿਰ ਨਿਕਾਸੀ ਨਾ ਕਰਨ, ਨਵੇਂ ਜੂਟ ਬਾਰਦਾਨੇ ਦੀ ਘਾਟ ਕਾਰਨ ਪੁਰਾਣਾ ਤੇ ਪਲਾਸਟਿਕ ਬਾਰਦਾਨਾ ਲਗਾਉਣ ਕਾਰਨ ਹੋਣ ਵਾਲੇ ਨੁਕਸਾਨ ਦਾ ਸਾਰਾ ਬੋਝ ਫ਼ੀਲਡ ਸਟਾਫ਼ ਸਿਰ ਮੜ੍ਹ ਕੇ ਉਨ੍ਹਾਂ ਨੂੰ ਝੂਠੀਆਂ ਚਾਰਜ ਸ਼ੀਟਾਂ ਅਤੇ ਨਾਜਾਇਜ਼ ਰਿਕਵਰੀਆਂ ਜਾਰੀ ਕੀਤੀਆਂ ਗਈਆਂ ਹਨ, ਜਦੋਂ ਕਿ ਇਹ ਨੁਕਸਾਨ ਕੁਦਰਤੀ ਤੇ ਪ੍ਰਬੰਧਕੀ ਨਾਕਾਮੀਆਂ ਕਰਕੇ ਹੋਇਆ ਹੁੰਦਾ ਹੈ | ਇਸ ਤੋਂ ਇਲਾਵਾ ਕੁਝ ਸ਼ੈਲਰ ਮਾਲਕਾਂ ਵਲੋਂ ਕੀਤੀ ਜਾਂਦੀ ਹੇਰਾਫੇਰੀ ਨੂੰ ਫੜਨ ਵਾਲੇ ਇਮਾਨਦਾਰ ਮੁਲਾਜ਼ਮਾਂ ਨੂੰ ਵੀ ਦੋਸ਼ੀ ਬਣਾ ਕੇ ਕਾਰਵਾਈਆਂ ਕੀਤੀਆਂ ਗਈਆਂ ਹਨ, ਜੋ ਸ਼ਰੇਆਮ ਧੱਕਾ ਹੈ | ਉਨ੍ਹਾਂ ਪੰਜਾਬ ਸਰਕਾਰ ਅਤੇ ਮਾਰਕਫੈੱਡ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਚਾਰਜ ਸ਼ੀਟਾਂ ਅਤੇ ਰਿਕਵਰੀਆਂ ਨੂੰ ਤੁਰੰਤ ਰੱਦ ਕਰਕੇ ਉਨ੍ਹਾਂ ਦੇ ਸੇਵਾਮੁਕਤੀ ਲਾਭ ਜਾਰੀ ਕੀਤੇ ਜਾਣ, ਜੇਕਰ ਅਜਿਹਾ ਨਾ ਹੋਇਆ ਤਾਂ ਆਉਣ ਵਾਲੇ ਦਿਨਾਂ 'ਚ ਉਹ ਆਪਣੇ ਪਰਿਵਾਰਾਂ ਸਮੇਤ ਮਾਰਕਫੈੱਡ ਜ਼ਿਲ੍ਹਾ ਦਫ਼ਤਰਾਂ ਮੂਹਰੇ 'ਮਰਨ-ਵਰਤ' 'ਤੇ ਬੈਠਣਗੇ | ਇਸ ਮੌਕੇ ਹੁਸ਼ਿਆਰ ਸਿੰਘ, ਕੁਲਦੀਪ ਸਿੰਘ, ਬਲਵੰਤ ਸਿੰਘ, ਵਰਿੰਦਰ ਸ਼ਰਮਾ, ਤਰਲੋਕ ਬਟਾਲਾ, ਬਬਲੀ ਖਾਨ, ਸੁਰਜੀਤ ਸਿੰਘ ਜੈਤੋ, ਬੂਟਾ ਸਿੰਘ ਬਰਨਾਲਾ, ਸੁਰਜੀਤ ਸਿੰਘ ਬਠਿੰਡਾ, ਗੁਰਚਰਨ ਸਿੰਘ ਸੰਗਰੂਰ, ਰਾਮ ਚੰਦ ਫ਼ਰੀਦਕੋਟ ਅਤੇ ਹੁਕਮ ਚੰਦ ਆਦਿ ਨੇ ਵੀ ਸੰਬੋਧਨ ਕੀਤਾ |