ਗੁਰੂਸਰ ਸੁਧਾਰ, 14 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)-ਜੀ.ਐੱਚ.ਜੀ. ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਗੁਰੂਸਰ ਸੁਧਾਰ ਵਿਖੇ ਪੰਜਾਬੀ ਸਾਹਿਤ ਨਾਲ ਸਬੰਧਿਤ ਇਕ ਮਹੱਤਵਪੂਰਨ ਅਕਾਦਮਿਕ ਸਮਾਗਮ ਦੌਰਾਨ ਕੱਲ੍ਹ 16 ਫਰਵਰੀ ਨੂੰ ਪ੍ਰਸਿੱਧ ਸਾਹਿਤਕਾਰ ਡਾ. ਪੂਰਨ ਸਿੰਘ ਦੁਆਰਾ ਰਚਿਤ ਸਵੈ-ਜੀਵਨੀ 'ਹਉ ਆਪਹੁ ਬੋਲਿ ਨ ਜਾਣਦਾ' ਦਾ ਲੋਕ ਅਰਪਣ ਕੀਤਾ ਜਾਵੇਗਾ | ਇਸ ਸਮਾਰੋਹ ਦੀ ਪ੍ਰਧਾਨਗੀ ਸ. ਮਨਜੀਤ ਸਿੰਘ ਗਿੱਲ ਪ੍ਰਧਾਨ ਜੀ.ਐੱਚ.ਜੀ. ਗਵਰਨਿੰਗ ਕੌਂਸਲ ਵਲੋਂ ਕੀਤੀ ਜਾਵੇਗੀ ਜਦਕਿ ਪ੍ਰਧਾਨਗੀ ਮੰਡਲ ਵਿਚ ਡਾ: ਨਿਰਮਲ ਜੌੜਾ, ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਉੱਪ ਚੇਅਰਮੈਨ ਪ੍ਰੋ. ਬਾਵਾ ਸਿੰਘ, ਡਾ: ਸੰਦੀਪ ਸ਼ਰਮਾ (ਜ਼ਿਲ੍ਹਾ ਭਾਸ਼ਾ ਅਫ਼ਸਰ), ਡਾ. ਕੁਲਦੀਪ ਸਿੰਘ (ਸੇਵਾਮੁਕਤ ਸਿੱਖਿਆ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਡਾ. ਬਲਵਿੰਦਰਪਾਲ ਸਿੰਘ (ਸੰਪਾਦਕ, ਸਾਡਾ ਵਿਰਸਾ ਸਾਡਾ ਗੌਰਵ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ) ਸ਼ਾਮਿਲ ਹੋਣਗੇ | ਸਮਾਰੋਹ ਦੌਰਾਨ ਉਪਰੋਕਤ ਸਾਰੇ ਵਿਦਵਾਨ ਸਵੈ-ਜੀਵਨੀ 'ਤੇ ਆਪਣੇ-ਆਪਣੇ ਵਿਚਾਰ ਪਰਚਿਆਂ ਦੇ ਰੂਪ ਵਿਚ ਪੇਸ਼ ਕਰਨਗੇ | ਮੰਚ ਸੰਚਾਲਨ ਦੀ ਜ਼ਿੰਮੇਵਾਰੀ ਡਾ. ਜਗਜੀਤ ਸਿੰਘ, ਸਹਾਇਕ ਪ੍ਰੋਫ਼ੈਸਰ ਪੰਜਾਬੀ ਵਿਭਾਗ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਸੁਧਾਰ ਵਲੋਂ ਨਿਭਾਈ ਜਾਵੇਗੀ | ਸਮਾਰੋਹ ਦੇ ਮੁਖੀ ਸਰਪ੍ਰਸਤ ਕਾਲਜ ਦੇ ਪਿ੍ੰਸੀਪਲ ਡਾ. ਪਰਗਟ ਸਿੰਘ ਗਰਚਾ ਨੇ ਕਿਹਾ ਇਸ ਤਰ੍ਹਾਂ ਦੇ ਅਕਾਦਮਿਕ ਕਾਰਜਕ੍ਰਮ ਸੰਸਥਾ ਵਿਚ ਲਗਾਤਾਰ ਕਰਵਾਏ ਜਾਂਦੇ ਹਨ ਅਤੇ ਇਹ ਸਵੈ-ਜੀਵਨੀ ਵਿਦਿਆਰਥੀਆਂ ਲਈ ਸਿਰਫ਼ ਇਕ ਸਾਹਿਤਕ ਰਚਨਾ ਹੀ ਨਹੀਂ ਸਗੋਂ ਜੀਵਨ ਦੇ ਅਸਲੀ ਤਜਰਬਿਆਂ ਤੋਂ ਸਿੱਖਣ ਦਾ ਇਕ ਮਹੱਤਵਪੂਰਨ ਸਰੋਤ ਵੀ ਹੈ |