ਖੰਨਾ, 19 ਫਰਵਰੀ (ਹਰਜਿੰਦਰ ਸਿੰਘ ਲਾਲ)-ਕੈਨੇਡਾ ਦੇ ਕੈਲਗਰੀ ਇਲਾਕੇ ਦੇ ਦੋ ਪਾਰਲੀਮੈਂਟ ਮੈਂਬਰਾਂ ਕ੍ਰਮਵਾਰ ਅਮਨਪ੍ਰੀਤ ਸਿੰਘ ਗਿੱਲ ਅਤੇ ਜਸਰਾਜ ਸਿੰਘ ਹੱਲਣ ਨੇ ਆਖਿਆ ਹੈ ਕਿ ਕਨੇਡਾ ਵਿੱਚ ਸਥਾਈ ਪ੍ਰਵਾਸ ਦੀ ਉਡੀਕ ਕਰ ਰਹੇ ਨੌਜਵਾਨ ਬੱਚਿਆਂ ਅਤੇ ਮਾਪਿਆਂ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ, ਸਮੇਂ ਅਤੇ ਹਾਲਾਤਾਂ ਮੁਤਾਬਿਕ ਉੱਥੋਂ ਦੇ ਕਾਨੂੰਨ ਬਦਲਦੇ ਰਹਿੰਦੇ ਹਨ | ਪ੍ਰਵਾਸੀ ਭਾਰਤੀ ਅਮਰਪ੍ਰੀਤ ਸਿੰਘ ਬੈਂਸ ਕੈਲਗਰੀ ਦੀ ਅਗਵਾਈ ਵਿੱਚ ਪਿੰਡ ਭੁੱਮਦੀ ਵਿਖੇ ਇਕ ਸਮਾਗਮ ਵਿੱਚ ਪੁੱਜੇ ਦੋਵਾਂ ਪਾਰਲੀਮੈਂਟ ਮੈਂਬਰਾਂ ਨੇ ਕਿਹਾ ਕਿ ਕੈਨੇਡਾ ਵਿੱਚ ਵਿਦਿਆਰਥੀਆਂ ਦੀ ਬਹੁਤਾਤ, ਮਾਪਿਆਂ ਵੱਲੋਂ ਅਣ ਅਧਿਕਾਰਤ ਤੌਰ 'ਤੇ ਕੀਤੀਆਂ ਕੁਤਾਹੀਆਂ, ਥੋੜਾ ਬਹੁਤ ਆਰਥਿਕ ਉਤਰਾਅ ਚੜ੍ਹਾਅ ਹੋਣ ਕਾਰਨ ਕੁੱਝ ਸਮੇਂ ਲਈ ਸਮੱਸਿਆ ਜ਼ਰੂਰ ਆਈ ਹੈ, ਪ੍ਰੰਤੂ ਉੱਥੋਂ ਦੀ ਸੰਜੀਦਾ ਸਰਕਾਰ ਇਹਨਾਂ ਸਾਰੇ ਮਸਲਿਆਂ ਨੂੰ ਨਜਿੱਠਣ ਲਈ ਤਤਪਰ ਹੈ | ਉਨ੍ਹਾਂ ਕਿਹਾ ਕਿ ਵਿਸ਼ਵ ਭਰ ਵਿੱਚ ਮੰਦੀ ਦਾ ਅਸਰ ਅਤੇ ਕੱੁਝ ਇੱਕ ਲੋਕਲ ਪੱਧਰ ਦੀਆਂ ਸਮੱਸਿਆਵਾਂ ਨੇ ਕੱੁਝ ਸਮੇਂ ਲਈ ਖਲਾਅ ਜ਼ਰੂਰ ਪੈਦਾ ਕੀਤਾ ਹੈ, ਪਰੰਤੂ ਇਹ ਸਥਾਈ ਨਹੀਂ ਹੈ | ਉਨ੍ਹਾਂ ਕਿਹਾ ਕਿ ਕੱੁਝ ਸਮੇਂ ਬਾਅਦ ਨਿਯਮਾਂ ਵਿੱਚ ਬਦਲਾਅ ਜ਼ਰੂਰ ਹੋਣਗੇ ਅਤੇ ਉੱਥੇ ਪੜ੍ਹਦੇ ਸੁਹਿਰਦ ਅਤੇ ਅਮਨ ਕਾਨੂੰਨ ਮੰਨਣ ਵਾਲੇ ਮਿਹਨਤੀ ਨੌਜਵਾਨਾਂ ਲਈ ਸਫਲਤਾ ਦੇ ਦਰਵਾਜ਼ੇ ਜ਼ਰੂਰ ਖੁੱਲ੍ਹਣਗੇ | ਮੈਂਬਰ ਪਾਰਲੀਮੈਂਟ ਗਿੱਲ ਅਤੇ ਹੱਲ੍ਹਣ ਨੇ ਕਿਹਾ ਕਿ ਇਸ ਵਕਤ 50 ਫ਼ੀਸਦੀ ਬੱਚੇ ਪੱਕੇ ਅਤੇ ਸਥਾਈ ਪ੍ਰਵਾਸ ਦੀ ਆਸ ਵਿੱਚ ਬੈਠੇ ਹਨ ਜਿਨ੍ਹਾਂ ਦੇ ਨੇੜ ਭਵਿੱਖ ਵਿੱਚ ਪੱਕੇ ਹੋਣ ਜਾਣ ਦੀ ਸੰਭਾਵਨਾ ਬਣੀ ਹੋਈ ਹੈ | ਉਨ੍ਹਾਂ ਕਿਹਾ ਕਿ ਸਮਾਂ ਆਵੇਗਾ ਅਤੇ ਗੁਰੂ ਕਿਰਪਾ ਕਰੇਗਾ ਕਿ ਚੰਗੇ ਯੋਗਤਾ ਰੱਖਣ ਵਾਲੇ ਵਿਦਿਆਰਥੀਆਂ ਨੂੰ ਨਿਰਾਸ਼ਾ ਨਹੀਂ ਹੋਵੇਗੀ ਅਤੇ ਚੰਗਾ ਭਵਿੱਖ ਉਨ੍ਹਾਂ ਦੇ ਬੂਹੇ ਅੱਗੇ ਦਸਤਕ ਜ਼ਰੂਰ ਦੇਵੇਗਾ | ਉਨ੍ਹਾਂ ਕਿਹਾ ਕਿ ਜਿੰਨਾ ਚਿਰ ਵੋਟਰ, ਉਮੀਦਵਾਰ ਅਤੇ ਪ੍ਰਸ਼ਾਸਨਿਕ ਢਾਂਚਾ ਇਮਾਨਦਾਰੀ ਦੇ ਬਲਬੂਤੇ ਨਵੇਂ ਦਿਸਹਦੇ ਨਹੀਂ ਸਿਰਜਦਾ ਉਨੀ ਦੇਰ ਚੰਗੇ ਦੀ ਆਸ ਨਹੀਂ ਕੀਤੀ ਜਾ ਸਕਦੀ ਭਾਵੇਂ ਉਹ ਕੈਨੇਡਾ ਹੋਵੇ ਤੇ ਭਾਵੇਂ ਪੰਜਾਬ ਹੋਵੇ | ਇਸ ਮੌਕੇ ਦੋਵਾਂ ਪਾਰਲੀਮੈਂਟ ਮੈਂਬਰਾਂ ਦਾ ਸਨਮਾਨ ਵੀ ਕੀਤਾ ਗਿਆ | ਸਮਾਗਮ ਦੇ ਪ੍ਰਬੰਧਕ ਗਿਆਨੀ ਤਰਲੋਚਨ ਸਿੰਘ ਭੁੱਮਦੀ ਨੇ ਦੋਵਾਂ ਮੈਂਬਰਾਂ ਦੀਆਂ ਸੇਵਾਵਾਂ 'ਤੇ ਚਾਨਣਾ ਪਾਇਆ ਅਤੇ ਧੰਨਵਾਦ ਕੀਤਾ | ਇਸ ਮੌਕੇ ਚਮਕੌਰ ਸਿੰਘ ਪ੍ਰਧਾਨ, ਪਵਿੱਤਰ ਸਿੰਘ ਪ੍ਰਧਾਨ, ਬਾਬਾ ਗੁਰਦੇਵ ਸਿੰਘ, ਜਥੇਦਾਰ ਹਰਪਾਲ ਸਿੰਘ ਜੱਲਾ, ਦਲਮੇਘ ਸਿੰਘ ਖੱਟੜਾ, ਚੇਅਰਮੈਨ ਬੇਅੰਤ ਸਿੰਘ ਜੱਸੀ ਕਿਸ਼ਨਗੜ੍ਹ ਕਈ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਧਾਨ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ |