ਰਾੜਾ ਸਾਹਿਬ, 19 ਫਰਵਰੀ (ਸੁਖਵੀਰ ਸਿੰਘ ਚਣਕੋਈਆਂ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਵਲੋਂ ਅੱਜ ਪਿੰਡ ਘਲੋਟੀ ਵਿਖੇ ਵੱਡੀ ਗਿਣਤੀ ਵਿਚ ਇਕੱਤਰ ਹੋਏ ਕਿਸਾਨਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ | ਪਿੰਡ ਘਲੋਟੀ ਦੇ ਪ੍ਰਧਾਨ ਪਰਮਵੀਰ ਸਿੰਘ ਘਲੋਟੀ ਅਤੇ ਸਕੱਤਰ ਰਮਨਦੀਪ ਸਿੰਘ ਘਲੋਟੀ ਨੇ ਦੱਸਿਆ ਕਿ ਜਥੇਬੰਦੀ ਵੱਲੋਂ 18 ਫਰਵਰੀ ਨੂੰ ਡੀ. ਸੀ. ਦਫ਼ਤਰ ਬਠਿੰਡਾ ਦੇ ਮੂਹਰੇ ਸ਼ਾਂਤਮਈ ਧਰਨਾ ਲਗਾਇਆ ਜਾਣਾ ਸੀ, ਕਿਉਂਕਿ ਜਥੇਬੰਦੀ ਦੇ 2 ਆਗੂ ਝੂਠੇ ਪਰਚੇ ਤਹਿਤ 10 ਮਹੀਨਿਆਂ ਤੋਂ ਜੇਲ੍ਹਾਂ ਵਿਚ ਬੰਦ ਕੀਤੇ ਹੋਏ ਸਨ | ਇਸ ਧਰਨੇ ਨੂੰ ਨਾਕਾਮਯਾਬ ਕਰਨ ਲਈ ਪੂਰੇ ਪੰਜਾਬ ਦੇ ਵਿੱਚ ਕਿਸਾਨ ਆਗੂਆਂ ਦੇ ਘਰਾਂ ਦੇ ਉੱਪਰ ਪੁਲਸ ਪ੍ਰਸ਼ਾਸਨ ਵਲੋਂ ਛਾਪੇਮਾਰੀ ਕਰਕੇ ਪਿੰਡਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਪਿੰਡ ਜਿਉਂਦ ਦੇ ਵਿਚ ਸ਼ਾਂਤਮਈ ਬੈਠੇ ਕਿਸਾਨਾਂ ਉੱਪਰ ਅੱਥਰੂ ਗੈਸ ਦੇ ਗੋਲੇ ਦਾਗੇ ਗਏ ਅਤੇ ਲਾਠੀਚਾਰਜ ਕੀਤਾ ਗਿਆ | ਪਰ ਲੋਕਾਂ ਦੇ ਸਿਦਕ ਦੇ ਅੱਗੇ ਸਰਕਾਰ ਨੂੰ ਝੁਕਣਾ ਪਿਆ ਅਤੇ ਗਿ੍ਫ਼ਤਾਰ ਆਗੂਆਂ ਨੂੰ ਰਿਹਾਅ ਕਰਨੇ ਪਏ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਇਸ ਜ਼ਬਰ ਦੇ ਵਿਰੁੱਧ ਅੱਜ ਸਾਰੇ ਪੰਜਾਬ ਦੇ ਪਿੰਡਾਂ ਵਿੱਚ ਵੱਡੇ ਇੱਕਠ ਕਰਕੇ ਪ੍ਰਦਰਸ਼ਨ ਕਰਨ ਦੀ ਲੜੀ ਦੇ ਤਹਿਤ ਪਿੰਡ ਘਲੋਟੀ ਦੇ ਵਿੱਚ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਪ੍ਰਦਰਸ਼ਨ ਕੀਤਾ ਗਿਆ ਅਤੇ ਆਗੂਆਂ ਦੀ ਰਿਹਾਈ ਦੀ ਜੇਤੂ ਰੈਲੀ ਕੀਤੀ ਗਈ | ਇਸ ਮੌਕੇ ਸੁਰਜੀਤ ਸਿੰਘ, ਹਰਜੀਤ ਸਿੰਘ, ਅਵਤਾਰ ਸਿੰਘ, ਰਘਵੀਰ ਸਿੰਘ, ਦਵਿੰਦਰ ਸਿੰਘ, ਸ਼ਿੰਗਾਰਾ ਸਿੰਘ, ਜਸਵੀਰ ਸਿੰਘ, ਘੋਲਾ ਸਿੰਘ ਆਦਿ ਕਿਸਾਨ ਸ਼ਾਮਿਲ ਸਨ |