ਮਲੌਦ, 19 ਫਰਵਰੀ (ਦਿਲਬਾਗ ਸਿੰਘ ਚਾਪੜਾ)- ਥਾਣਾ ਮਲੌਦ ਦੇ ਮੁਖੀ ਇੰਸਪੈਕਟਰ ਚਰਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਮਨਜੋਤ ਸਿੰਘ ਪੁੱਤਰ ਮੇਵਾ ਸਿੰਘ ਵਾਸੀ ਸਿਹੌੜਾ ਦੀ ਦਰਖਾਸਤ ਤੇ 50 ਲੱਖ ਦੀ ਕਥਿਤ ਠੱਗੀ ਮਾਰਨ ਵਾਲੀ ਸੁਪ੍ਰੀਤ ਕੌਰ ਵਾਸੀ ਮਹੇਰਨਾ, ਰਜਿੰਦਰ ਸਿੰਘ ਅਤੇ ਅੱਛਰਜੀਤ ਸਿੰਘ ਪੁੱਤਰ ਕਸ਼ਮੀਰਾ ਸਿੰਘ ਵਾਸੀ ਮਹੇਰਨਾ ਖ਼ਿਲਾਫ਼ ਥਾਣਾ ਮਲੌਦ ਵਿੱਚ ਧਾਰਾ 318 (4), 3(5) ਬੀ. ਐਨ. ਐਸ. ਅਧੀਨ ਮੁਕੱਦਮਾ ਦਰਜ ਕੀਤਾ ਗਿਆ | ਅਮਨਜੋਤ ਸਿੰਘ ਵੱਲੋਂ 709085 - ਪੀ. ਜੀ. ਡੀ. 27/ 11/25 ਨੂੰ ਦਿੱਤੀ ਦਰਖਾਸਤ ਦੀ ਡੀ. ਐਸ. ਪੀ. ਪਾਇਲ ਵਲੋਂ ਉੱਚ ਅਫ਼ਸਰਾਂ ਦੀ ਹਦਾਇਤ ਅਨੁਸਾਰ ਪੜਤਾਲ ਕੀਤੀ ਗਈ, ਜਿਸ ਵਿਚ ਪਾਇਆ ਗਿਆ ਕਿ ਸੁਪ੍ਰੀਤ ਕੌਰ ਜੋ ਹੁਣ ਕਨੇਡਾ ਵਿਚ ਰਹਿ ਰਹੀ ਹੈ | ਉਸ ਨੇ ਵਿਆਹ ਕਰਕੇ ਅਮਨਜੋਤ ਸਿੰਘ ਨੂੰ ਆਪਣੇ ਨਾਲ ਕੈਨੇਡਾ ਲਿਜਾਣਾ ਸੀ | ਉਸ ਦੇ ਨਾਲ ਰਜਿੰਦਰ ਸਿੰਘ ਅਤੇ ਅੱਛਰਜੀਤ ਸਿੰਘ ਨੇ ਮਿਲ ਕੇ 50 ਲੱਖ ਰੁਪਏ ਦੀ ਠੱਗੀ ਮਾਰੀ | ਇਸ ਠੱਗੀ ਵਿੱਚ ਸ਼ਾਮਿਲ ਉਕਤ ਦੋਨਾਂ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ ਹੈ |