ਮਲੌਦ, 29 ਅਪ੍ਰੈਲ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ 'ਯੁੱਧ ਨਸ਼ਿਆਂ ਵਿਰੁੱਧ' ਐਸ. ਐਸ. ਪੀ. (ਖੰਨਾ) ਡਾ: ਦਰਪਣ ਆਹਲੂਵਾਲੀਆ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਆਰੰਭੀ ਨਸ਼ਿਆਂ ਵਿਰੁੱਧ ਜੰਗ ਨੂੰ ਨੱਥ ਪਾਉਣ ਲਈ ਥਾਣਾ ਮੁਖੀ ਚਰਨਜੀਤ ਸਿੰਘ ਨੇ ਮਲੌਦ ਦੇ ਮੈਡੀਕਲ ਸਟੋਰਾਂ ਦੀ ਐਸੋਸੀਏਸ਼ਨ ਦੇ ਮੈਂਬਰਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਸਾਂਝੇ ਤੌਰ ਉੱਤੇ ਮੀਟਿੰਗ ਕੀਤੀ | ਉਨਾਂ ਕਿਹਾ ਕਿ ਸਮੂਹ ਦਵਾਈ ਵਿਕਰੇਤਾ ਇਸ ਗੱਲ ਨੂੰ ਜ਼ਰੂਰੀ ਸਮਝਣ ਕਿ ਦਵਾਈਆਂ ਦੀ ਖਰੀਦ-ਵੇਚ ਡਰੱਗ ਅਤੇ ਕਾਸਮੈਟਿਕ ਐਕਟ ਦੇ ਨਿਯਮਾਂ ਤਹਿਤ ਕਰਨਾ ਯਕੀਨੀ ਬਣਾਉਣ ਤਾਂ ਨਸ਼ੇ ਦੇ ਤੌਰ 'ਤੇ ਦੁਰਵਰਤੋਂ ਹੋਣ ਵਾਲੀਆਂ ਦਵਾਈਆਂ ਦੀ ਖਰੀਦ-ਵੇਚ ਪੂਰੀ ਜਿੰਮੇਵਾਰੀ ਨਾਲ ਕੀਤੀ ਜਾਵੇ | ਉਨਾਂ ਕਿਹਾ ਕਿ ਨਿਯਮਾਂ ਮੁਤਾਬਿਕ ਸਾਰਾ ਰਿਕਾਰਡ ਰੱਖਿਆ ਜਾਵੇ | ਮੀਟਿੰਗ ਦੌਰਾਨ ਸਮੂਹ ਕੈਮਿਸਟਾਂ ਨੂੰ ਹਦਾਇਤ ਕੀਤੀ ਗਈ ਕਿ ਡਰੱਗ ਇੰਸਪੈਕਟਰ ਵਲੋਂ ਸਮੇਂ-ਸਮੇਂ 'ਤੇ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਜਾਵੇਗੀ ਅਤੇ ਸਟਾਕ ਵੀ ਚੈਕ ਕੀਤਾ ਜਾਵੇਗਾ, ਇਸ ਕਾਰਜ ਲਈ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕੀਤਾ ਜਾਵੇ | ਉਨਾਂ ਕਿਹਾ ਕਿ ਜੇਕਰ ਕੋਈ ਇਨਾਂ ਨਿਯਮਾਂ ਤੋਂ ਉਲਟ ਦਵਾਈ ਵੇਚੇਗਾ ਅਤੇ ਕਾਨੂੰਨ ਦੀ ਉਲੰਘਣਾ ਕਰੇਗਾ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ | ਉਨਾਂ ਕਿਹਾ ਕਿ ਜੇਕਰ ਕੋਈ ਗਲਤ ਦਵਾਈ ਵੇਚਦਾ ਹੈ ਤਾਂ ਉਸਦੀ ਸੂਚਨਾ ਪੁਲਿਸ ਨੂੰ ਦੇ ਕੇ ਧਿਆਨ ਵਿਚ ਲਿਆਂਦੀ ਜਾਵੇ | ਇਸ ਮੌਕੇ ਰਾਜ ਮੈਡੀਕਲ ਹਾਲ, ਪ੍ਰੀਤ ਮੈਡੀਕਲ ਹਾਲ, ਭੱਟੀ ਮੈਡੀਕਲ ਹਾਲ, ਕੈਲਾਸ਼ ਮੈਡੀਕਲ ਹਾਲ, ਕਿਰਪਾਲ ਮੈਡੀਕਲ ਹਾਲ, ਗੋਸਲ ਮੈਡੀਕਲ ਹਾਲ, ਮਾਨ ਮੈਡੀਕਲ ਹਾਲ, ਨਾਈਸ ਮੈਡੀਕਲ ਹਾਲ, ਦਸ਼ਮੇਸ਼ ਮੈਡੀਕਲ ਹਾਲ ਅਤੇ ਨਿਊ ਗਿੱਲ ਮੈਡੀਕਲ ਹਾਲ ਤੇ ਮਲੌਦ ਦੇ ਕੈਮਿਸਟ ਐਸੋਸੀਏਸ਼ਨ ਆਗੂ ਹਾਜ਼ਰ ਸਨ |