ਮਲੌਦ, 29 ਅਪ੍ਰੈਲ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਅੱਜ 30 ਅਪ੍ਰੈਲ ਤੋਂ ਦੇਸ ਭਰ ਵਿਚ ਜਨਗਣਨਾ ਸ਼ੁਰੂ ਹੋ ਰਹੀ ਹੈ ਜਿਸ ਦੇ ਸਬੰਧ ਵਿਚ ਹਲਕਾ ਪਾਇਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਜਨਗਣਨਾ ਭਾਵੇਂ ਆਨਲਾਈਨ ਕਰਵਾਓ ਭਾਵੇਂ ਘਰ ਆਏ ਕਰਮਚਾਰੀ ਕੋਲ ਕਰਵਾਓ | ਪਰ ਉਸ ਜਨਗਣਨਾ ਦੇ ਵਿਚ ਆਪਣੀ ਮਾਂ ਬੋਲੀ ਪੰਜਾਬੀ ਨੂੰ ਦਰਜ ਕਰਵਾਓ ਤਾਂ ਜੋ ਪੰਜਾਬੀਆਤ ਦਾ ਸਿਰ ਮਾਣ ਨਾਲ ਉੱਚਾ ਹੋ ਸਕੇ ਅਤੇ ਦੁਨੀਆ ਭਰ ਵਿਚ ਪਤਾ ਲੱਗ ਸਕੇ ਕਿ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਪੰਜਾਬੀ ਅਜੇ ਵੀ ਆਪਣੀ ਭਾਸ਼ਾ ਸਬੰਧੀ ਫ਼ਿਕਰਮੰਦ ਹਨ | ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਜੇਕਰ ਮਾਂ ਬੋਲੀ ਨੂੰ ਅਣਗੌਲਿਆ ਕਰਾਂਗੇ ਤਾਂ ਜੋ ਪੰਜਾਬ ਨਾਲ ਜਿਵੇਂ ਪਹਿਲਾਂ ਬਟਵਾਰੇ ਹੋਏ ਹਨ ਉਸ ਤਰ੍ਹਾਂ ਦਾ ਖ਼ਮਿਆਜ਼ਾ ਕਿਤੇ ਮੁੜ ਨਾ ਭੁਗਤਣਾ ਪੈ ਸਕੇ | ਸਗੋਂ ਇਸ ਲਈ ਸਾਨੂੰ ਸੂਬੇ ਦੀਆਂ ਮੁੱਖ ਲੋੜਾਂ ਸਬੰਧੀ ਮਾਂ ਬੋਲੀ ਪੰਜਾਬੀ ਨੂੰ ਪਹਿਲ ਦੇ ਆਧਾਰ 'ਤੇ ਜਨਗਣਨਾ ਦੇ ਵਿਚ ਦਰਜ ਕਰਵਾ ਕੇ ਆਪਣਾ ਫ਼ਰਜ਼ ਅਦਾ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਾਸੀ ਭਾਵੇਂ ਸ਼ਹਿਰਾਂ ਅੰਦਰ ਰਹਿ ਰਹੇ ਹਨ ਭਾਵੇਂ ਪਿੰਡਾਂ ਦੇ ਵਸਨੀਕ ਹਨ | ਪ੍ਰੰਤੂ ਉਹ ਇਸ ਗੱਲ ਨੂੰ ਲੜ ਬੰਨ੍ਹ ਲੈਣ ਕਿ ਸਾਡੀ ਇੱਕੋ ਇੱਕ ਭਾਸ਼ਾ ਮਾਂ ਬੋਲੀ ਪੰਜਾਬੀ ਹੈ ਜਿਸ ਨੂੰ ਲਿਖਾਉਣ ਤੋਂ ਕਦੇ ਵੀ ਭੁੱਲਣਾ ਨਹੀਂ ਚਾਹੀਦਾ |